– ਤੰਦਰੁਸਤੀ ਅਤੇ ਨਸ਼ਾ-ਮੁਕਤ ਜੀਵਨ ਸ਼ੈਲੀ ਨੂੰ ਹੁਲਾਰਾ ਦੇਣ ਹਿਤ
ਚੰਡੀਗੜ੍ਹ,7 ਸਤੰਬਰ 2025:
ਮੇਜਰ ਜਨਰਲ ਜੇ.ਐੱਸ. ਚੀਮਾ, ਐਡੀਸ਼ਨਲ ਡਾਇਰੈਕਟਰ ਜਨਰਲ, ਐੱਨਸੀਸੀ ਡਾਇਰੈਕਟੋਰੇਟ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨੇ ਅੱਜ ਸੁਖਨਾ ਝੀਲ ਸਪੋਰਟਸ ਕੰਪਲੈਕਸ, ਸੈਕਟਰ 6 ਚੰਡੀਗੜ੍ਹ ਤੋਂ ਇੱਕ ਹੈਲਥ ਰਨ (ਸਿਹਤ ਦੌੜ) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਮਾਗਮ ਤੰਦਰੁਸਤ ਜੀਵਨ ਸ਼ੈਲੀ ਬਾਰੇ ਜਾਗਰੂਕਤਾ ਫੈਲਾਉਣ ਅਤੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ।
ਇਹ ਸਮਾਗਮ ਐੱਨਸੀਸੀ ਗਰੁੱਪ ਚੰਡੀਗੜ੍ਹ ਦੁਆਰਾ ਬ੍ਰਿਗੇਡੀਅਰ ਵਿਕਰਮ ਸਿੰਘ ਚੌਹਾਨ, ਵਾਈਐੱਸਐੱਮ, ਗਰੁੱਪ ਕਮਾਂਡਰ, ਐੱਨਸੀਸੀ ਗਰੁੱਪ ਹੈੱਡਕੁਆਰਟਰ, ਚੰਡੀਗੜ੍ਹ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ, ਯੂ.ਟੀ. ਚੰਡੀਗੜ੍ਹ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਐੱਨਸੀਸੀ ਕੈਡਿਟ, ਵਿਦਿਆਰਥੀ, ਖਿਡਾਰੀ ਅਤੇ ਆਮ ਜਨਤਾ ਸਮੇਤ 2500 ਤੋਂ ਅਧਿਕ ਉਤਸ਼ਾਹੀ ਪ੍ਰਤੀਭਾਗੀਆਂ ਨੇ ਇਸ ਦੌੜ ਵਿੱਚ ਸ਼ਾਮਲ ਹੋ ਕੇ ਇੱਕ ਤੰਦਰੁਸਤ ਸਮਾਜ ਦੇ ਨਿਰਮਾਣ ਦੇ ਪ੍ਰਤੀ ਇਕਜੁੱਟਤਾ ਅਤੇ ਦ੍ਰਿੜ੍ਹਤਾ ਦੀ ਭਾਵਨਾ ਨੂੰ ਪ੍ਰਦਰਸ਼ਿਤ ਕੀਤਾ। ਇਸ ਪਹਿਲ ਦਾ ਉਦੇਸ਼ ਤੰਦਰੁਸਤੀ ਨੂੰ ਜੀਵਨ ਦਾ ਹਿੱਸਾ ਬਣਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਕਾਰਾਤਮਕ ਆਦਤਾਂ ਅਪਣਾਉਣ ਦੇ ਲਈ ਪ੍ਰੇਰਿਤ ਕਰਨਾ ਸੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਮੇਜਰ ਜਨਰਲ ਜੇ.ਐੱਸ. ਚੀਮਾ, ਐਡੀਸ਼ਨਲ ਡਾਇਰੈਕਟਰ ਜਨਰਲ, ਐੱਨਸੀਸੀ ਡਾਇਰੈਕਟੋਰੇਟ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨੇ ਉਤਸ਼ਾਹੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ, “ਰਾਸ਼ਟਰ ਦੇ ਨੌਜਵਾਨ ਸਾਡੀ ਸ਼ਾਨ ਹਨ। ਤੰਦਰੁਸਤੀ, ਅਨੁਸ਼ਾਸਨ ਅਤੇ ਜਾਗਰੂਕਤਾ ਦੇ ਜ਼ਰੀਏ ਅਸੀਂ ਉਨ੍ਹਾਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾ ਸਕਦੇ ਹਾਂ ਅਤੇ ਉਨ੍ਹਾਂ ਨੂੰ ਇੱਕ ਉੱਜਵਲ ਭਵਿੱਖ ਵੱਲ ਅੱਗੇ ਲੈ ਜਾ ਸਕਦੇ ਹਾਂ”। ਉਨ੍ਹਾਂ ਨੇ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ ਸਾਰੇ ਮਿਲ ਕੇ ਇੱਕ ਤੰਦਰੁਸਤ, ਨਸ਼ਾ-ਮੁਕਤ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਦੇਣ।
ਸ਼੍ਰੀਮਤੀ ਰਾਧਿਕਾ ਸਿੰਘ, ਐੱਚਸੀਐੱਸ, ਐਡੀਸ਼ਨਲ ਡਾਇਰੈਕਟਰ ਉਚੇਰੀ ਸਿੱਖਿਆ, ਯੂਟੀ ਚੰਡੀਗੜ੍ਹ ਨੇ ਵੀ ਇਸ ਨੇਕ ਕਾਰਜ ਵਿੱਚ ਯੋਗਦਾਨ ਦੇਣ ਦੇ ਸਾਰੇ ਪ੍ਰਤਿਭਾਗੀਆਂ ਦਾ ਆਭਾਰ ਵਿਅਕਤ ਕੀਤਾ।
ਇਹ ਪਹਿਲ ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਨਿਰੰਤਰ ਪ੍ਰਤੀਬੱਧਤਾ ਨੂੰ ਮੁੜ ਮਜ਼ਬੂਤ ਕਰਦੀ ਹੈ ਕਿ ਦੇਸ਼ ਦੇ ਭਵਿੱਖ ਦੀ ਰੱਖਿਆ ਇੱਕ ਤੰਦਰੁਸਤ ਅਤੇ ਨਸ਼ਾ-ਮੁਕਤ ਸਮਾਜ ਦਾ ਨਿਰਮਾਣ ਕਰਕੇ ਹੀ ਸੰਭਵ ਹੈ।



