ਸ਼ੁੱਕਰਵਾਰ, ਮਾਰਚ 6, 2026
8:01 ਬਾਃ ਦੁਃ
Google search engine
HomePoliticalਮੰਗ ਪੱਤਰਾਂ ਨੂੰ ਸ਼ਗਨ ਦੇ ਲਿਫਾਫੇ ਵਾਂਗ ਫੜ ਰਹੇ ਲੋਕ ਸਭਾ ਚੋਣਾਂ...

ਮੰਗ ਪੱਤਰਾਂ ਨੂੰ ਸ਼ਗਨ ਦੇ ਲਿਫਾਫੇ ਵਾਂਗ ਫੜ ਰਹੇ ਲੋਕ ਸਭਾ ਚੋਣਾਂ ਦੇ ਉਮੀਦਵਾਰ

ਪੰਜਾਬ ਐਕਸਪਲੋਰ
ਚੰਡੀਗੜ੍ਹ, 22 ਮਈ:

ਪੰਜਾਬ ਵਿੱਚ ਜਿੱਥੇ ਲੋਕ ਸਭਾ ਚੋਣਾਂ ਦਾ ਦੌਰ ਇਸ ਸਮੇਂ ਪੂਰੇ ਸ਼ਿਖਰ ’ਤੇ ਚੱਲ ਰਿਹਾ ਹੈ, ਉਥੇ ਹੀ ਦੇਖਣ ਵਿੱਚ ਆ ਰਿਹਾ ਹੈ ਕਿ ਮੰਗ-ਪੱਤਰਾਂ ਦਾ ਦੌਰ ਵੀ ਸ਼ਿਖਰਾਂ ’ਤੇ ਹੈ। ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ ਚੋਣ ਪ੍ਰਚਾਰ ਲਈ 9 ਦਿਨ ਬਾਕੀ ਹਨ। ਇਸ ਭਖੇ ਹੋਏ ਚੋਣ ਅਖਾੜੇ ਵਿੱਚ ਸਿਆਸੀ ਪਾਰਟੀਆਂ ਦੇ ਅਤੇ ਅਜ਼ਾਦ ਉਮੀਦਵਾਰ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਰ ਹਰਬਾ ਵਰਤ ਰਹੇ ਹਨ। ਇਸ ਦੇ ਨਾਲ ਹੀ ਦੇਖਣ ਵਿੱਚ ਆ ਰਿਹਾ ਹੈ ਕਿ ਇਸ ਵਾਰ ਵੋਟਰ ਵੀ ਕਾਫ਼ੀ ਸਿਆਣੇ ਜਾਪ ਰਹੇ ਹਨ। ਲੋਕਾਂ ਵਿੱਚ ਇਨ੍ਹਾਂ ਸਿਆਸੀ ਆਗੂਆਂ ਪ੍ਰਤੀ ਬੇਵਿਸ਼ਵਾਸੀ ਇਸ ਕਦਰ ਦਿਖਾਈ ਦੇ ਰਹੀ ਹੈ ਕਿ ਉਹ ਹਰੇਕ ਪਾਰਟੀ ਦੇ ਉਮੀਦਵਾਰਾਂ ਨੂੰ ਆਪਣੇ ਲਿਖਤੀ ਮੰਗ ਪੱਤਰ ਸੌਂਪ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਉਮੀਦਵਾਰ ਵੀ ਵਿਆਹ ਦੇ ਸ਼ਗਨ ਵਾਲੇ ਲਿਫ਼ਾਫੇ ਵਾਂਗ ਬੜੇ ਚਾਵਾਂ ਨਾਲ ਮੰਗ ਪੱਤਰ ਫੜ-ਫੜ ਕੇ ਫੋਟੋਆਂ ਖਿਚਵਾ ਰਹੇ ਹਨ।

ਉਮੀਦਵਾਰ ਤਾਂ ਭਾਵੇਂ ਇਨ੍ਹਾਂ ਮੰਗ ਪੱਤਰਾਂ ਨੂੰ ਲੋਕਾਂ ਤੱਕ ਪਹੁੰਚ ਦਾ ਜਰੀਆ ਬਣਾ ਰਹੇ ਹਨ ਪ੍ਰੰਤੂ ਪਰਦੇ ਪਿੱਛੇ ਦੀ ਅਸਲੀਅਤ ਇਹ ਹੈ ਕਿ ਲੋਕ ਹੁਣ ਸਿਆਣੇ ਹੋ ਚੁੱਕੇ ਹਨ। ਸ਼ੋਸ਼ਲ ਮੀਡੀਆ ਦੇ ਇਸ ਜ਼ਮਾਨੇ ਵਿੱਚ ਲੋਕੀਂ ਹੁਣ ਇਨ੍ਹਾਂ ਲੀਡਰਾਂ ਦੇ ਜ਼ੁਬਾਨੀਂ ਦਾਅਵਿਆਂ ਅਤੇ ਵਾਅਦਿਆਂ ਉਤੇ ਵਿਸ਼ਵਾਸ ਨਹੀਂ ਕਰ ਰਹੇ ਬਲਕਿ ਉਹ ਲਿਖਤੀ ਮੰਗ-ਪੱਤਰ ਦੇ ਕੇ ਸਬੂਤ ਤਿਆਰ ਕਰ ਰਹੇ ਹਨ ਅਤੇ ਸ਼ੋਸ਼ਲ ਮੀਡੀਆ ਉੱਤੇ ਅਪਲੋਡ ਵੀ ਕਰ ਰਹੇ ਹਨ ਤਾਂ ਕਿ ਚੋਣਾਂ ਜਿੱਤ ਕੇ ਆਉਣ ਵਾਲੇ ਉਮੀਦਵਾਰ ਨੂੰ ਫਿਰ ਉਨ੍ਹਾਂ ਮੰਗਾਂ ਬਾਰੇ ਪੁੱਛਿਆ ਜਾ ਸਕੇ।

ਭਾਵੇਂ ਕਿ ਇਤਿਹਾਸ ਰਿਹਾ ਹੈ ਕਿ ਚੋਣਾਂ ਵੇਲ਼ੇ ਉਮੀਦਵਾਰ ਜਿਹੜੇ ਵਾਅਦੇ ਲੋਕਾਂ ਨਾਲ ਕਰਦੇ ਹਨ, ਉਨ੍ਹਾਂ ਵਿੱਚੋਂ ਬਹੁਤੇ ਵਾਅਦੇ ਪੂਰੇ ਨਹੀਂ ਹੁੰਦੇ ਅਤੇ ਜਿੱਤਣ ਉਪਰੰਤ ਪੰਜ ਸਾਲ ਲੋਕਾਂ ਦੇ ਨੇੜੇ ਨਹੀਂ ਲੱਗਦੇ। ਅਗਲੀ ਵਾਰੀ ਪਾਰਟੀ ਉਨ੍ਹਾਂ ਦਾ ਚੋਣ ਹਲਕਾ ਬਦਲ ਦਿੰਦੀ ਹੈ ਅਤੇ ਜਾਂ ਫਿਰ ਕਿਸੇ ਹੋਰ ਨੂੰ ਟਿਕਟ ਦੇ ਦਿੰਦੀ ਹੈ। ਅਜਿਹੇ ਹੀ ਕੁਝ ਕਾਰਨ ਹੋਣਗੇ ਜਿਨ੍ਹਾਂ ਕਰਕੇ ‘ਸਿਆਸਤ ਬਹੁਤ ਗੰਦੀ ਖੇਡ ਹੈ’ ਵਰਗੀ ਕਹਾਵਤ ਪ੍ਰਚੱਲਿਤ ਹੋਈ। ਪਹਿਲਾਂ ਤਾਂ ਲੋਕੀਂ ਚਾਰ ਸਾਲ ਚੁੱਪ ਬੈਠੇ ਰਹਿੰਦੇ ਸਨ ਅਤੇ ਚੋਣ ਵਰ੍ਹੇ ਵਿੱਚ ਜਾ ਕੇ ਸੰਘਰਸ਼ ਸ਼ੁਰੂ ਕਰਦੇ ਸਨ ਪ੍ਰੰਤੂ ਹੁਣ ਤਾਂ ਲੋਕਾਂ ਵਿੱਚ ਸਿਆਸੀ ਪਾਰਟੀਆਂ ਪ੍ਰਤੀ ਬੇਵਿਸ਼ਵਾਸੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਉਨ੍ਹਾਂ ਨੇ ਪਹਿਲੇ ਵਰ੍ਹੇ ਤੋਂ ਹੀ ਝੰਡੇ ’ਚ ਡੰਡਾ ਪਾ ਕੇ ਸੰਘਰਸ਼ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਇਸ ਵਾਰ ਮੰਗ ਪੱਤਰਾਂ ਦਾ ਦੌਰ ਕਾਫ਼ੀ ਸ਼ਿਖਰ ’ਤੇ ਚੱਲ ਰਿਹਾ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਚੋਣ ਜਿੱਤਣ ਉਪਰੰਤ ਇਹ ਉਮੀਦਵਾਰ ਮੰਗ ਪੱਤਰਾਂ ਉਤੇ ਕਿੰਨਾ ਕੁ ਗੌਰ ਕਰਦੇ ਹਨ।

RELATED ARTICLES
- Advertisment -
Google search engine

Most Popular