ਚੰਡੀਗੜ੍ਹ, 3 ਸਤੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਅੱਜ ਭਾਈ ਜਸਵੰਤ ਖਾਲੜਾ ਮਿਸ਼ਨ ਦੀ ਲੀਹ ਉਤੇ ਚੱਲਣ ਵਾਲੀ ਜਥੇਬੰਦੀ “ਸੱਥ” ਦੇ ਉਮੀਦਵਾਰ ਅਸ਼ਮੀਤ ਸਿੰਘ ਨੇ 3478 ਵੋਟਾਂ ਲੈ ਕੇ ਮੀਤ ਪ੍ਰਧਾਨ ਦੀ ਸੀਟ ਉਤੇ ਜਿੱਤ ਪ੍ਰਾਪਤ ਕੀਤੀ।
ਪੀ.ਯੂ. ਦੇ ਜ਼ਿਮਨੇਜ਼ੀਅਮ ਹਾਲ ਵਿੱਚ ਹੋਈ ਗਿਣਤੀ ਦੌਰਾਨ ਨਤੀਜਾ ਘੋਸ਼ਿਤ ਹੁੰਦਿਆਂ ਹੀ ਸਾਰੀਆਂ ਹੀ ਜੇਤੂ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ ਉਤੇ ਜਿੱਤ ਦੇ ਜਸ਼ਨ ਮਨਾਏ ਗਏ। ਢੋਲ ਦੀ ਥਾਪ ਉਤੇ ਭੰਗੜੇ ਪਾਏ ਗਏ। ‘ਸੱਥ’ ਜਥੇਬੰਦੀ ਦੇ ਵੱਡੀ ਗਿਣਤੀ ਵਿੱਚ ਕਾਰਕੁਨ ਅਤੇ ਸਮਰਥਕ ਸਟੂਡੈਂਟਸ ਸੈਂਟਰ ਵਿਖੇ ਇਕੱਠੇ ਹੋਏ ਜਿੱਥੇ ਉਨ੍ਹਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਅਸ਼ਮੀਤ ਸਿੰਘ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਸਮੂਹ ਵਿਦਿਆਰਥੀਆਂ ਵੱਲੋਂ ਵੋਟਿੰਗ ਵਿੱਚ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ।



