ਸ਼ੁੱਕਰਵਾਰ, ਮਾਰਚ 6, 2026
8:42 ਪੂਃ ਦੁਃ
Google search engine
HomeNationalਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਭੁੱਖ ਹੜਤਾਲ 1 ਅਕਤੂਬਰ ਨੂੰ

ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਭੁੱਖ ਹੜਤਾਲ 1 ਅਕਤੂਬਰ ਨੂੰ

ਚੰਡੀਗੜ੍ਹ, 24 ਸਤੰਬਰ

ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਦੇ ਸੱਦੇ ’ਤੇ 1 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਅਤੇ ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਵਿੱਚੋਂ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਇੱਕ ਰੋਜ਼ਾ ਸਾਂਝੀ ਭੁੱਖ ਹੜਤਾਲ ਕੀਤੀ ਜਾਵੇਗੀ ਜਿਸ ਵਿੱਚ ਅਧਿਆਪਕ ਅਤੇ ਕਰਮਚਾਰੀ ਸ਼ਾਮਿਲ ਹੋਣਗੇ।

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ ਤੇ ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਇਹ ਹੜਤਾਲ 5 ਸਤੰਬਰ ਨੂੰ ਰੱਖੀ ਗਈ ਸੀ ਪਰ ਹੜ੍ਹਾਂ ਕਰਕੇ ਮੁਲਤਵੀ ਕਰਦਿਆਂ 1 ਅਕਤੂਬਰ ਨੂੰ ਤੈਅ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਜੇਕਰ ਸਾਡੀ ਮੰਗ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਦੇਸ਼ ਭਰ ਦੇ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਕਰਮਚਾਰੀ 25 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਗੇ।
ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਆਪਣਾ ਤਿੰਨ ਸਾਲ ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਲਾਗੂ ਕਰਨਾ ਅੱਖੋਂ ਪਰੋਖੇ ਕਰਕੇ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦੀ ਦਿੱਤੀ ਗਰੰਟੀ ਅਤੇ ਕੀਤੇ ਵਾਅਦੇ ਤੋਂ ਵੀ ਮੂੰਹ ਫੇਰ ਚੁੱਕੀ ਹੈ। ਸਰਕਾਰ ਵੱਲੋਂ ਜਾਰੀ ਕੀਤਾ ਅਧੂਰਾ ਨੋਟੀਫਿਕੇਸ਼ਨ ਊਠ ਦਾ ਲਟਕਦਾ ਬੁੱਲ੍ਹ ਹੀ ਸਾਬਤ ਹੋਇਆ ਹੈ। ਕਰਮਚਾਰੀ ਚੌਥੀ ਦੀਵਾਲੀ ਵੀ ਪੈਨਸ਼ਨ ਵਿਹੂਣੇ ਮਨਾਉਣ ਲਈ ਮਜ਼ਬੂਰ ਹੋਣਗੇ।

ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਕਰਮਚਾਰੀਆਂ ’ਤੇ ਯੂ.ਪੀ.ਐੱਸ. ਥੋਪ ਕੇ ਉਨ੍ਹਾਂ ਦੀ ਜਮ੍ਹਾਂ ਪੂੰਜੀ ਹੀ ਪੈਨਸ਼ਨ ਦੇ ਰੂਪ ਵਿੱਚ ਪਰੋਸ ਕੇ ਕਾਰਪੋਰੇਟ ਦੀ ਸੇਵਾ ਕਰ ਰਹੀ ਹੈ। ਤਾਜ਼ਾ ਪੀ.ਐੱਫ.ਆਰ.ਡੀ.ਏ. ਦੇ ਜਾਰੀ ਅੰਕੜਿਆਂ ਅਨੁਸਾਰ ਕੇਂਦਰ ਦੇ 30 ਲੱਖ ਕਰਮਚਾਰੀਆਂ ਵਿੱਚੋਂ 90 ਹਜ਼ਾਰ ਨੇ ਹੀ ਯੂ.ਪੀ.ਐੱਸ. ਨੂੰ ਚੁਣਿਆ ਕਹਿਣ ਦਾ ਭਾਵ ਮਹਿਜ਼ 3 ਪ੍ਰਤੀਸ਼ਤ ਕਰਮਚਾਰੀਆਂ ਨੇ ਇਸ ਨੂੰ ਚੁਣਿਆ ਹੈ ਜਦੋਂਕਿ 97 ਪ੍ਰਤੀਸ਼ਤ ਨੇ ਇਸ ਨੂੰ ਨਕਾਰਿਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਪੈਨਸ਼ਨ ਪ੍ਰਣਾਲੀ ਵੀ ਓ.ਪੀ.ਐੱਸ. ਦਾ ਬਦਲ ਨਹੀਂ ਬਣ ਸਕਦੀ।

ਸੂਬਾਈ ਆਗੂਆਂ ਜਰਨੈਲ ਸਿੰਘ ਪੱਟੀ, ਰਣਬੀਰ ਸਿੰਘ ਉੱਪਲ, ਅਜੀਤਪਾਲ ਸਿੰਘ ਜੱਸੋਵਾਲ, ਲਖਵਿੰਦਰ ਸਿੰਘ ਭੌਰ, ਜਗਸੀਰ ਸਿੰਘ ਸਹੋਤਾ, ਜਸਵਿੰਦਰ ਸਿੰਘ ਜੱਸਾ, ਕਰਮਜੀਤ ਸਿੰਘ ਤਾਮਕੋਟ, ਵਿਕਰਮ ਸਿੰਘ ਕੱਦੋਂ, ਵਰਿੰਦਰ ਵਿੱਕੀ ਤੇ ਰਣਬੀਰ ਸਿੰਘ ਢੱਡੇ ਨੇ ਕਿਹਾ ਕਿ 1 ਅਕਤੂਬਰ ਨੂੰ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਅਧਿਆਪਕ ਅਤੇ ਕਰਮਚਾਰੀ ਭੁੱਖ ਹੜਤਾਲ ’ਤੇ ਬੈਠ ਕੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਸਪੱਸ਼ਟ ਸੰਦੇਸ਼ ਦੇਣਗੇ ਕਿ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਤੋਂ ਬਿਨਾਂ ਸਮਾਜਿਕ ਸੁਰੱਖਿਆ ਸੰਭਵ ਨਹੀਂ। ਕਰਮਚਾਰੀ ਦਾ ਸਹੀ ਸਨਮਾਨ ਪੁਰਾਣੀ ਪੈਨਸ਼ਨ ਬਹਾਲੀ ਨਾਲ ਹੀ ਹੋਵੇਗਾ।

RELATED ARTICLES
- Advertisment -
Google search engine

Most Popular