ਮੋਹਾਲੀ, 13 ਅਕਤੂਬਰ —
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਹਰੀਆਣਾ ਦੇ ਏਡੀਜੀਪੀ ਯੋਗਿੰਦਰ ਪੀ. ਕੁਮਾਰ ਵੱਲੋਂ ਕੀਤੀ ਆਤਮਹੱਤਿਆ ਮਾਮਲੇ ਵਿੱਚ ਭਾਜਪਾ ਸਰਕਾਰ ਉੱਤੇ ਤਿੱਖਾ ਹਮਲਾ ਕੀਤਾ ਹੈ। ਬੇਦੀ ਨੇ ਕਿਹਾ ਕਿ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਵੀ ਜਦੋਂ ਉੱਚ ਅਧਿਕਾਰੀ ਨੂੰ ਇਨਸਾਫ ਨਹੀਂ ਮਿਲ ਰਿਹਾ, ਤਾਂ ਇਹ ਦੇਸ਼ ਵਿੱਚ ਨਿਰਪੱਖ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਝੁਠਲਾ ਰਿਹਾ ਹੈ ਅਤੇ ਭਾਜਪਾ ਦੀ ਮਨੂਵਾਦ ਦੇ ਪ੍ਰਗਟਾਵੇ ਦੀ ਅਸਲੀ ਸੋਚ ਸਾਹਮਣੇ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਧਰਮ ਦੇ ਨਾਂ ‘ਤੇ ਰਾਜਨੀਤੀ ਕਰਨ ਵਾਲੇ ਲੋਕ ਦੇਸ਼ ਨੂੰ ਵੰਡਣ ਅਤੇ ਨਫਰਤ ਦਾ ਜ਼ਹਿਰ ਫੈਲਾਉਣ ਵਿੱਚ ਲੱਗੇ ਹੋਏ ਹਨ। ਭਾਜਪਾ ਦਾ ਸ਼ਾਸਨ ਸੰਵਿਧਾਨ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ। ਬੇਦੀ ਨੇ ਕਿਹਾ ਕਿ ਸੰਵਿਧਾਨ ਡਾ. ਅੰਬੇਦਕਰ ਵੱਲੋਂ ਹਰ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ, ਪਰ ਅੱਜ ਸਰਕਾਰ ਆਪਣੀ ਤਾਕਤ ਦੇ ਜ਼ੋਰ ‘ਤੇ ਉਹ ਬਰਾਬਰੀ ਖਤਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੰਵਿਧਾਨ ਸਾਡੇ ਲਈ ਇੱਕ ਪਵਿੱਤਰ ਗ੍ਰੰਥ ਵਾਂਗ ਹੈ ਜੋ ਸਭ ਧਰਮਾਂ, ਜਾਤਾਂ ਤੇ ਵਰਗਾਂ ਨੂੰ ਇੱਕਤਾ ਦਾ ਸਬਕ ਦਿੰਦਾ ਹੈ, ਪਰ ਜਦੋਂ ਕੋਈ ਸਰਕਾਰ ਇਸ ਦੇ ਉਲਟ ਚੱਲਦੀ ਹੈ ਤਾਂ ਉਹ ਦੇਸ਼ ਦੇ ਲੋਕਤੰਤਰ ਲਈ ਖਤਰਾ ਬਣ ਜਾਂਦੀ ਹੈ। ਬੇਦੀ ਨੇ ਭਾਜਪਾ ਉੱਤੇ ਧਰਮਕ ਭੇਦਭਾਵ ਦੀ ਰਾਜਨੀਤੀ ਕਰਨ ਅਤੇ ਨਫਰਤ ਦੇ ਆਧਾਰ ‘ਤੇ ਵੋਟਾਂ ਇਕੱਠੀਆਂ ਕਰਨ ਦਾ ਦੋਸ਼ ਲਗਾਇਆ ਹੈ।
ਉਨ੍ਹਾਂ ਕਿਹਾ ਕਿ ਏਡੀਜੀਪੀ ਯੋਗਿੰਦਰ ਪੀ. ਕੁਮਾਰ ਦੀ ਆਤਮਹੱਤਿਆ ਮਾਮਲੇ ਨੇ ਪ੍ਰਸ਼ਾਸਨ ਦੇ ਦੋਹਰੇ ਮਾਪਦੰਡਾਂ ਨੂੰ ਬੇਨਕਾਬ ਕਰ ਦਿੱਤਾ ਹੈ। ਮਰਨ ਵਾਲੇ ਅਧਿਕਾਰੀ ਦੀ ਪਤਨੀ, ਜੋ ਖੁਦ ਇੱਕ ਆਈਏਐਸ ਅਫਸਰ ਹੈ, ਵੱਲੋਂ ਸਪਸ਼ਟ ਦੋਸ਼ ਲਗਾਇਆ ਗਿਆ ਹੈ ਕਿ ਡੀਜੀਪੀ ਸਮੇਤ ਉੱਚ ਅਧਿਕਾਰੀਆਂ ਦੇ ਦਬਾਅ ਕਾਰਨ ਉਸਦੇ ਪਤੀ ਨੇ ਇਹ ਕਦਮ ਚੁੱਕਿਆ। ਪਰ, ਇੰਨਾ ਗੰਭੀਰ ਮਾਮਲਾ ਹੋਣ ਦੇ ਬਾਵਜੂਦ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਜੋ ਕਿ ਨਿਰਪੱਖਤਾ ‘ਤੇ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ।
ਬੇਦੀ ਨੇ ਕਿਹਾ ਕਿ ਜਦੋਂ ਇੱਕ ਏਡੀਜੀਪੀ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਆਮ ਆਦਮੀ ਦੀ ਆਵਾਜ਼ ਕੌਣ ਸੁਣੇਗਾ? ਇਹ ਸਪਸ਼ਟ ਕਰਦਾ ਹੈ ਕਿ ਭਾਜਪਾ ਦੇ ਰਾਜ ਵਿੱਚ ਸੰਵਿਧਾਨ ਸਿਰਫ ਕਾਗਜ਼ਾਂ ਤੱਕ ਸੀਮਿਤ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਰਾਜਨੀਤੀ ਦੇਸ਼ ਦੇ ਭਵਿੱਖ ਲਈ ਖਤਰਨਾਕ ਹੈ ਕਿਉਂਕਿ ਇਹ ਲੋਕਾਂ ਨੂੰ ਧਰਮ ਦੇ ਨਾਂ ‘ਤੇ ਵੰਡ ਰਹੀ ਹੈ।
ਬੇਦੀ ਨੇ ਸਾਰਿਆਂ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਨਾਨਕ ਦੇ ਸਿਧਾਂਤਾਂ ‘ਤੇ ਚੱਲਣ — “ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋ” — ਕਿਉਂਕਿ ਸਿੱਖ ਧਰਮ ਸੈੱਕੂਲਰਿਜ਼ਮ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਜਦੋਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਸੰਵਿਧਾਨ ਦੀ ਰੱਖਿਆ ਲਈ ਅੱਗੇ ਆਉਣ ਅਤੇ ਨਫਰਤ ਦੀ ਰਾਜਨੀਤੀ ਦਾ ਵਿਰੋਧ ਕਰਨ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਤਾਕਤਵਾਦੀ ਸੋਚ ਦੇਸ਼ ਦੀ ਏਕਤਾ ਅਤੇ ਭਾਈਚਾਰੇ ਲਈ ਖਤਰਾ ਹੈ। ਇਹ ਕੇਵਲ ਇੱਕ ਰਾਜਨੀਤਿਕ ਮਾਮਲਾ ਨਹੀਂ, ਸਗੋਂ ਸੰਵਿਧਾਨ ਅਤੇ ਲੋਕਤੰਤਰ ਦੀ ਰੂਹ ਨਾਲ ਖਿਲਵਾੜ ਹੈ। ਬੇਦੀ ਨੇ ਕਿਹਾ ਕਿ ਜਿਸ ਸੰਵਿਧਾਨ ਨੇ ਸਾਨੂੰ ਆਜ਼ਾਦੀ, ਬਰਾਬਰੀ ਅਤੇ ਨਿਆਂ ਦਾ ਅਧਿਕਾਰ ਦਿੱਤਾ, ਉਸਦੇ ਆਧਾਰਾਂ ਨੂੰ ਹਿਲਾਉਣਾ ਦੇਸ਼ ਨਾਲ ਧਰੋਹ ਦੇ ਬਰਾਬਰ ਹੈ।
ਉਨ੍ਹਾਂ ਅੰਤ ਵਿੱਚ ਕਿਹਾ ਕਿ ਹੁਣ ਸਮਾਂ ਹੈ ਸੱਚ ਬੋਲਣ ਦਾ, ਇਨਸਾਫ ਦੀ ਮੰਗ ਕਰਨ ਦਾ ਅਤੇ ਹਰ ਤਰ੍ਹਾਂ ਦੀ ਨਫਰਤ ਦੀ ਰਾਜਨੀਤੀ ਨੂੰ ਖਤਮ ਕਰਨ ਦਾ — ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੱਚਾ, ਨਿਰਪੱਖ ਅਤੇ ਸੈਕੂਲਰ ਭਾਰਤ ਮਿਲ ਸਕੇ।



