— ਕੂੜਾ ਪ੍ਰਬੰਧਨ, ਨਵਾਂ ਡੰਪਿੰਗ ਗਰਾਊਂਡ ਤੇ ਸ਼ਮਸ਼ਾਨ ਘਾਟ ਬਣਾਉਣ ਦੀ ਮੰਗ ਕੀਤੀ
ਮੋਹਾਲੀ, 31 ਅਕਤੂਬਰ:
ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੀ ਨਵੀਂ ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਣੀ (IAS) ਨੂੰ ਮਿਲ ਕੇ ਮੋਹਾਲੀ ਖੇਤਰ ਨਾਲ ਜੁੜੀਆਂ ਮੁੱਖ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਿਆ।
ਬੇਦੀ ਨੇ ਮੁੱਖ ਪ੍ਰਸ਼ਾਸਕ ਦਾ ਮੋਹਾਲੀ ਜੁਆਇਨ ਕਰਨ ਤੇ ਸਵਾਗਤ ਕਰਦੇ ਹੋਏ ਕਿਹਾ ਕਿ ਮੋਹਾਲੀ, ਜੋ ਗਮਾਡਾ ਵੱਲੋਂ ਯੋਜਨਾਬੱਧ ਢੰਗ ਨਾਲ ਵਿਕਸਤ ਕੀਤਾ ਗਿਆ ਖੇਤਰ ਹੈ, ਅੱਜ ਕਈ ਬੁਨਿਆਦੀ ਢਾਂਚੇ ਨਾਲ ਸਬੰਧਤ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਡਿਪਟੀ ਮੇਅਰ ਵੱਲੋਂ ਕੁਝ ਅਹਿਮ ਮੁੱਦੇ ਉਠਾਏ ਗਏ, ਜਿਨ੍ਹਾਂ ਵਿੱਚ ਵੇਸਟ ਮੈਨੇਜਮੈਂਟ ਅਤੇ ਨਵੇਂ ਡੰਪਿੰਗ ਗਰਾਊਂਡ ਦੀ ਲੋੜ, ਮੁੱਖ ਸੜਕਾਂ ਦੇ ਅਧੂਰੇ ਕੰਮ, ਨਵੇਂ ਸ਼ਮਸ਼ਾਨ ਘਾਟ ਦੀ ਨਿਰਮਾਣ ਮੰਗ, ਅਤੇ ਫੁਟ ਓਵਰ ਬ੍ਰਿਜਾਂ ਦੀ ਰੀਲੋਕੇਸ਼ਨ ਸ਼ਾਮਲ ਹਨ।
ਬੇਦੀ ਨੇ ਕਿਹਾ ਕਿ ਪੁਰਾਣਾ ਡੰਪਿੰਗ ਗਰਾਊਂਡ ਬੰਦ ਹੋਣ ਕਾਰਨ ਮੋਹਾਲੀ ਦੇ ਕਈ ਇਲਾਕਿਆਂ ਵਿੱਚ ਕੂੜਾ ਇਕੱਠਾ ਹੋ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਗੰਭੀਰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਗਮਾਡਾ ਵੱਲੋਂ ਨਵੀਂ ਸਾਈਟ ਦੀ ਤੁਰੰਤ ਨਿਸ਼ਾਨਦੇਹੀ ਕਰਕੇ ਵੇਸਟ-ਟੂ-ਐਨਰਜੀ ਜਾਂ ਵੇਸਟ-ਟੂ-ਫਿਊਲ ਪ੍ਰੋਜੈਕਟ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਭਵਿੱਖ ਵਿੱਚ ਮੋਹਾਲੀ ਦੇ ਸਾਫ਼-ਸੁਥਰੇ ਪ੍ਰਬੰਧ ਨੂੰ ਸਥਿਰਤਾ ਮਿਲੇਗੀ। ਉਹਨਾਂ ਕਿਹਾ ਕਿ ਇਹ ਮੋਹਾਲੀ ਨਗਰ ਨਿਗਮ ਦੇ ਵੱਸ ਦੀ ਗੱਲ ਨਹੀਂ ਅਤੇ ਇਸ ਨੂੰ ਗਮਾਡਾ ਵੱਲੋਂ ਇਹ ਕੀਤਾ ਜਾਵੇ।
ਇਸ ਤੋਂ ਇਲਾਵਾ, ਉਨ੍ਹਾਂ ਨੇ ਪੀ.ਆਰ.-6 ਸੜਕ, ਆਈਟੀ ਸਿਟੀ ਨਾਲ ਲੱਗਦੀ ਪੈਰਲਲ ਸੜਕ, ਸੈਕਟਰ 104 ਦੀ ਟੁੱਟੀ ਸੜਕ ਅਤੇ ਕੁੰਬੜਾ ਚੌਂਕ ਤੋਂ ਬਾਵਾ ਵ੍ਹਾਈਟ ਹਾਊਸ, ਇਸੇ ਤਰ੍ਹਾਂ ਬਾਵਾ ਵ੍ਹਾਈਟ ਹਾਊਸ ਤੋਂ ਏਅਰਪੋਰਟ ਤੱਕ ਦੀ ਸੜਕ ਵਰਗੇ ਪ੍ਰੋਜੈਕਟਾਂ ਨੂੰ ਟਾਈਮ ਬਾਊਂਡ ਤਰੀਕੇ ਨਾਲ ਪੂਰਾ ਕਰਨ ਫਤਿਹ ਮੋਹਾਲੀ ਦੇ ਬੁਨਿਆਦੀ ਢਾਂਚੇ ਵਿੱਚ ਆ ਰਹੀਆਂ ਕਮੀਆਂ ਨੂੰ ਦੂਰ ਕਰਨ ਦੀ ਮੰਗ ਕੀਤੀ।
ਬੇਦੀ ਨੇ ਇਹ ਵੀ ਕਿਹਾ ਕਿ ਮੋਹਾਲੀ ਦੀ ਵਧ ਰਹੀ ਅਬਾਦੀ ਨੂੰ ਦੇਖਦੇ ਹੋਏ ਇੱਕ ਨਵਾਂ ਸ਼ਮਸ਼ਾਨ ਘਾਟ ਬਣਾਉਣਾ ਸਮੇਂ ਦੀ ਲੋੜ ਹੈ, ਕਿਉਂਕਿ ਮੌਜੂਦਾ ਸ਼ਮਸ਼ਾਨ ਘਾਟ ਸ਼ਹਿਰ ਦੇ ਸਿਰਫ਼ ਇੱਕ ਪਾਸੇ ਹੈ, ਜਿਸ ਕਰਕੇ ਦੂਜੇ ਇਲਾਕਿਆਂ ਦੇ ਨਿਵਾਸੀਆਂ ਨੂੰ ਕਾਫ਼ੀ ਦੂਰੀ ਤੈਅ ਕਰਨੀ ਪੈਂਦੀ ਹੈ। ਇਸਦੇ ਨਾਲ ਨਾਲ ਉਨ੍ਹਾਂ ਨੇ ਪੁਰਾਣੇ ਤੇ ਬੇਕਾਰ ਹੋ ਚੁੱਕੇ ਫੁਟ ਓਵਰ ਬ੍ਰਿਜਾਂ ਨੂੰ ਨਵੀਆਂ ਜ਼ਰੂਰਤ ਵਾਲੀਆਂ ਥਾਵਾਂ ਜਿਵੇਂ YPS ਚੌਂਕ, ਸਿਵਲ ਹਸਪਤਾਲ ਫੇਜ਼-6 ਤੇ ਗੁਰਦੁਆਰਾ ਸਿੰਘ ਸ਼ਹੀਦਾਂ ਚੌਂਕ ਵੱਲ ਸ਼ਿਫਟ ਕਰਨ ਦੀ ਵੀ ਬੇਨਤੀ ਕੀਤੀ।
ਮੁੱਖ ਪ੍ਰਸ਼ਾਸਕ ਸਾਕਸ਼ੀ ਸਾਹਣੀ ਨੇ ਡਿਪਟੀ ਮੇਅਰ ਵੱਲੋਂ ਪੇਸ਼ ਕੀਤੀਆਂ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਉਹ ਖੁਦ ਇਨ੍ਹਾਂ ਪ੍ਰੋਜੈਕਟਾਂ ਦੀ ਸਮੀਖਿਆ ਕਰਨਗੀਆਂ। ਉਨ੍ਹਾਂ ਨੇ ਖਾਸ ਤੌਰ ’ਤੇ ਨਵੇਂ ਸ਼ਮਸ਼ਾਨ ਘਾਟ ਅਤੇ ਡੰਪਿੰਗ ਗਰਾਊਂਡ ਪ੍ਰੋਜੈਕਟ ਨੂੰ ਪ੍ਰਾਥਮਿਕਤਾ ’ਤੇ ਲੈਣ ਦਾ ਭਰੋਸਾ ਦਿੱਤਾ।
ਬੇਦੀ ਨੇ ਗਮਾਡਾ ਮੁੱਖ ਪ੍ਰਸ਼ਾਸਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੁੱਖ ਪ੍ਰਸ਼ਾਸਨ ਸਾਕਸ਼ੀ ਸਾਹਣੀ ਨੇ ਨਿਰਵਿਘਨ ਸਮਾਂ ਕੱਢ ਕੇ ਮੋਹਾਲੀ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ। ਖਾਸ ਤੌਰ ਤੇ ਮੋਹਾਲੀ ਦੇ ਨਵੇਂ ਏਰੀਏ ਵਾਸਤੇ ਸ਼ਮਸ਼ਾਨ ਘਾਟ ਅਤੇ ਕੂੜੇ ਦੀ ਸਮੱਸਿਆ ਬਾਰੇ ਉਹਨਾਂ ਨੇ ਤੁਰੰਤ ਨੋਟਿੰਗ ਵੀ ਕੀਤੀ। ਉਹਨਾਂ ਕਿਹਾ ਕਿ ਇਸ ਨਾਲ ਮੋਹਾਲੀ ਦੇ ਮੁੱਖ ਮੁੱਦਿਆਂ ’ਤੇ ਜਲਦ ਸਕਾਰਾਤਮਕ ਪ੍ਰਗਤੀ ਦੀ ਉਮੀਦ ਹੈ।



