ਪੰਜਾਬ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਫੂਡ ਅਸੈਸਮੈਂਟ ਕਮੇਟੀਆਂ ਸਥਾਪਿਤ ਕਰਨ ਦੀ ਮੰਗ
ਚੰਡੀਗੜ੍ਹ, 14 ਜਨਵਰੀ
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਅਸ਼ਮੀਤ ਸਿੰਘ ਅਤੇ ਟੀਮ ‘ਸੱਥ’ ਵੱਲੋਂ ਡੀਨ ਵਿਦਿਆਰਥੀ ਭਲਾਈ ਨੂੰ ਅੱਜ ਇੱਕ ਵਿਸਥਾਰਤ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਸਾਰੇ ਹੋਸਟਲਾਂ ਵਿੱਚ ਫੂਡ ਅਸੈਸਮੈਂਟ ਕਮੇਟੀਆਂ ਸਥਾਪਿਤ ਕਰਨ ਦੀ ਮੰਗ ਕੀਤੀ ਗਈ ਹੈ। ਇਸ ਪ੍ਰਸਤਾਵ ਦਾ ਮਕਸਦ ਹੋਸਟਲ ਮੈੱਸ ਸੇਵਾਵਾਂ ਦੀ ਗੁਣਵੱਤਾ, ਸਫ਼ਾਈ, ਪੋਸ਼ਣ, ਪਾਰਦਰਸ਼ਤਾ ਅਤੇ ਸਮੁੱਚੇ ਪ੍ਰਬੰਧਨ ਵਿੱਚ ਸੁਧਾਰ ਕਰਨਾ ਹੈ, ਜੋ ਕਿ ਵਿਦਿਆਰਥੀ ਭਲਾਈ ਦਾ ਇੱਕ ਜ਼ਰੂਰੀ ਹਿੱਸਾ ਹਨ।
ਵਿਦਿਆਰਥੀ ਆਗੂ ਅਸ਼ਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗ ਪੱਤਰ ਵਿਚਲੀਆਂ ਸਿਫ਼ਾਰਿਸ਼ਾਂ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਹੋਸਟਲਾਂ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਵੱਲੋਂ ਖਾਣੇ ਦੀ ਗੁਣਵੱਤਾ, ਸਫ਼ਾਈ ਦੇ ਮਿਆਰ ਅਤੇ ਸ਼ਿਕਾਇਤ ਨਿਪਟਾਰੇ ਸਬੰਧੀ ਮਸਲੇ ਅਕਸਰ ਚੁੱਕੇ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ਼ ਹੱਲ ਕਰਨ ਲਈ ਹਰ ਹੋਸਟਲ ਵਿੱਚ ਫੂਡ ਅਸੈਸਮੈਂਟ ਕਮੇਟੀ ਬਣਾਉਣ ਦੀ ਜ਼ੋਰਦਾਰ ਸਿਫ਼ਾਰਸ਼ ਕੀਤੀ ਗਈ ਹੈ।
ਮੰਗ ਪੱਤਰ ਮੁਤਾਬਕ ਹਰੇਕ ਫੂਡ ਅਸੈਸਮੈਂਟ ਕਮੇਟੀ ਵਿੱਚ ਹੋਸਟਲ ਵਾਰਡਨ, ਅਸਿਸਟੈਂਟ ਵਾਰਡਨ, ਯੂਨੀਵਰਸਿਟੀ ਡਾਇਟੀਸ਼ੀਅਨ, ਮੈੱਸ ਠੇਕੇਦਾਰ, ਕੈਂਟੀਨ ਠੇਕੇਦਾਰ ਅਤੇ ਤਿੰਨ ਵਿਦਿਆਰਥੀ ਨੁਮਾਇੰਦੇ (ਇੱਕ ਅੰਡਰਗ੍ਰੈਜੂਏਟ, ਇੱਕ ਪੋਸਟਗ੍ਰੈਜੂਏਟ ਅਤੇ ਇੱਕ ਪੀ.ਐੱਚ.ਡੀ. ਸਕਾਲਰ) ਸ਼ਾਮਲ ਕੀਤੇ ਜਾਣ।
ਵਿਦਿਆਰਥੀ ਪ੍ਰਤੀਨਿਧੀਆਂ ਦੀ ਮਿਆਦ ਇੱਕ ਅਕਾਦਮਿਕ ਸਾਲ ਲਈ ਰੱਖਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਉਸ ਕਮੇਟੀ ਦੀ ਕਮੇਟੀ ਹਰ ਮਹੀਨੇ ਘੱਟੋ-ਘੱਟ ਇੱਕ ਵਾਰ ਮੀਟਿੰਗ ਜ਼ਰੂਰ ਕੀਤੀ ਜਾਵੇ ਜਦਕਿ ਗੰਭੀਰ ਸ਼ਿਕਾਇਤਾਂ ਦੇ ਮਾਮਲੇ ਵਿੱਚ ਐਮਰਜੈਂਸੀ ਮੀਟਿੰਗਾਂ ਦੀ ਵੀ ਵਿਵਸਥਾ ਹੋਵੇ। ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਮੀਟਿੰਗਾਂ ਦੀ ਕਾਰਵਾਈ ਨੂੰ ਹੋਸਟਲ ਨੋਟਿਸ ਬੋਰਡਾਂ ’ਤੇ ਲਗਾਇਆ ਜਾਵੇ ਅਤੇ ਜਾਂ ਫਿਰ ਡਿਜ਼ੀਟਲ ਤੌਰ ’ਤੇ ਸਾਂਝਾ ਕੀਤਾ ਜਾਵੇ।
ਵਿਦਿਆਰਥੀ ਆਗੂ ਅਸ਼ਮੀਤ ਸਿੰਘ ਨੇ ਦੱਸਿਆ ਕਿ ਇਹ ਸਾਰੀਆਂ ਸਿਫ਼ਾਰਸ਼ਾਂ ਵਿਦਿਆਰਥੀ ਭਲਾਈ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਜਮ੍ਹਾਂ ਕਰਵਾਈਆਂ ਗਈਆਂ ਹਨ ਤਾਂ ਜੋ ਪੰਜਾਬ ਯੂਨੀਵਰਸਿਟੀ ਦੇ ਸਾਰੇ ਹੋਸਟਲਾਂ ਵਿੱਚ ਫੂਡ ਅਸੈਸਮੈਂਟ ਕਮੇਟੀਆਂ ਦੀ ਸਥਾਪਨਾ ਲਈ ਇੱਕ ਵਿਸਥਾਰਤ ਅਤੇ ਪ੍ਰਭਾਵਸ਼ਾਲੀ ਨੀਤੀ ਤਿਆਰ ਕੀਤੀ ਜਾ ਸਕੇ।



