ਸਰੂਪਾਂ ਦਾ ਪ੍ਰਕਾਸ਼ਨ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ; ਅਕਾਲੀ ਦਲ ਕਾਰਨ ਸ਼੍ਰੋਮਣੀ ਕਮੇਟੀ ਆਪਣੇ ਫ਼ਰਜ਼ ਵਿੱਚ ਅਸਫਲ ਰਹੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਔਰਤਾਂ ਨੂੰ ਜਲਦੀ ਹੀ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਪੰਜਾਬ ਸਰਕਾਰ ਆਉਣ ਵਾਲੇ ਬਜਟ ਵਿੱਚ ਔਰਤਾਂ ਦੀ ਵਿੱਤੀ ਸਹਾਇਤਾ ਯੋਜਨਾ ਲਈ ਪ੍ਰਬੰਧ ਕਰੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਅਸੀਂ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮਾਘੀ ਦਾ ਵਿਸ਼ਾਲ ਇਕੱਠ ‘ਆਪ’ ਦੇ ਲੋਕ-ਪੱਖੀ ਸ਼ਾਸਨ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਰੈਲੀ ਵਿੱਚ ਭਾਰੀ ਇਕੱਠ ਸਾਬਤ ਕਰਦਾ ਹੈ ਕਿ ਲੋਕਾਂ ਨੇ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਚੁਣਨ ਦਾ ਮਨ ਬਣਾ ਲਿਆ ਹੈ: ਮਨੀਸ਼ ਸਿਸੋਦੀਆ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ:
ਮਾਘੀ ਦੇ ਪਵਿੱਤਰ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਲਾਪਤਾ ਹੋਏ ਸਰੂਪ ਮਿਲਣ ‘ਤੇ ਪੰਜਾਬ ਸਰਕਾਰ ਦਾ ਸਟੈਂਡ ਦੁਹਰਾਇਆ। ਸਿੱਖ ਇਤਿਹਾਸ ਅਤੇ ਕੁਰਬਾਨੀ ਨਾਲ ਜੁੜੇ ਇਸ ਦਿਨ ਮੁੱਖ ਮੰਤਰੀ ਨੇ ਕਿਹਾ ਕਿ ਸਰੂਪਾਂ ਦੀ ਬਰਾਮਦਗੀ ਪ੍ਰਾਪਤੀ ਦੀ ਬਜਾਏ ਫ਼ਰਜ਼ ਦਾ ਮਸਲਾ ਹੈ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਆਉਣ ਵਾਲੇ ਬਜਟ ਵਿੱਚ ਔਰਤਾਂ ਲਈ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਯੋਜਨਾ ਲਈ ਬਜਟ ਵਿੱਚ ਪ੍ਰਬੰਧ ਕਰੇਗੀ। ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਮਾਘੀ ਮੌਕੇ ਇੱਥੇ ਹੋਇਆ ਇਕੱਠ ਸਰਕਾਰ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਮਾਘੀ ਮੌਕੇ ਇੱਕ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਨੇ ਹੁਣ ਤੱਕ ਪੰਜਾਬ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ “ਅਸੀਂ ਲੋਕਾਂ ਨਾਲ ਕੀਤੇ ਹਰ ਵਾਅਦੇ ਦਾ ਸਨਮਾਨ ਕੀਤਾ ਹੈ ਅਤੇ ਹੁਣ ਅਸੀਂ ਸੂਬੇ ਦੀ ਹਰੇਕ ਔਰਤ ਨੂੰ ਇੱਕ ਹਜ਼ਾਰ ਰੁਪਏ ਦੇਣ ਦੀ ਯੋਜਨਾ ਸ਼ੁਰੂ ਕਰਾਂਗੇ। ਆਉਣ ਵਾਲੇ ਬਜਟ ਵਿੱਚ ਲੋੜੀਂਦੀ ਵਿਵਸਥਾ ਯਕੀਨੀ ਬਣਾਈ ਜਾਵੇਗੀ। ਇਹ ਸਰਕਾਰ ਸਾਰਿਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਹਰ ਵਾਅਦਾ ਹਰ ਹਾਲ ਵਿੱਚ ਪੂਰਾ ਕੀਤਾ ਜਾਵੇਗਾ।’’
ਇਸ ਪਵਿੱਤਰ ਸਥਾਨ ਦੀ ਇਤਿਹਾਸਕ ਮਹੱਤਤਾ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਧਰਤੀ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਯੋਧਿਆਂ ਦੀ ਮਹਾਨ ਕੁਰਬਾਨੀ ਦੀ ਗਵਾਹ ਹੈ ਅਤੇ ਸਮੁੱਚੀ ਸਿੱਖ ਸੰਗਤ ਉਨ੍ਹਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰ ਰਹੀ ਹੈ। ਉਨ੍ਹਾਂ ਕਿਹਾ, “ਲੋਕ ਇੱਥੇ ਸੂਬੇ ਭਰ ਤੋਂ ਇਕੱਠੇ ਹੋਏ ਹਨ ਅਤੇ ਇਸ ਇਕੱਠ ਦਾ ਹਿੱਸਾ ਬਣ ਕੇ ਖ਼ੁਦ ਨੂੰ ਸੁਭਾਗਾ ਮੰਨ ਰਹੇ ਹਨ। ਇਹ ਪਵਿੱਤਰ ਧਰਤੀ ਅਤੇ ਇੱਥੇ ਹੋਈਆਂ ਕੁਰਬਾਨੀਆਂ ਦੁਨੀਆ ਭਰ ਦੇ ਹਰ ਸਿੱਖ ਦੇ ਦਿਲ ਵਿੱਚ ਵਸਦੀਆਂ ਹਨ ਅਤੇ ਜ਼ੁਲਮ ਤੇ ਬੇਇਨਸਾਫ਼ੀ ਵਿਰੁੱਧ ਖੜ੍ਹੇ ਹੋਣ ਲਈ ਪ੍ਰੇਰਿਤ ਕਰਦੀਆਂ ਹਨ।”
ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਬੰਨ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਕਮਜ਼ੋਰ ਯਾਦਦਾਸ਼ਤ ਤੋਂ ਪੀੜਤ ਹਨ ਅਤੇ ਚੋਣਾਂ ਤੋਂ ਬਾਅਦ ਪੰਜਾਬ ਨੂੰ ਲੁੱਟਣ ਲਈ ਸਿਰਫ਼ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਹਨ। ਉਨ੍ਹਾਂ ਕਿਹਾ “‘ਝਾੜੂ’, ਜੋ ਕਿ ‘ਆਪ’ ਦਾ ਪ੍ਰਤੀਕ ਹੈ, ਨੇ ਸਿਆਸੀ ਪ੍ਰਣਾਲੀ ਨੂੰ ਸਾਫ਼ ਕਰ ਦਿੱਤਾ ਹੈ ਅਤੇ ਇਸੇ ਕਰਕੇ ਰਵਾਇਤੀ ਪਾਰਟੀਆਂ ਹੈਰਾਨ ਹਨ। ਇਹ ਆਗੂ ਮੇਰੇ ‘ਤੇ ਸਿਰਫ਼ ਇਸ ਲਈ ਹਮਲਾ ਕਰ ਰਹੇ ਹਨ ਕਿਉਂਕਿ ਮੈਂ ਇੱਕ ਆਮ ਪਰਿਵਾਰ ਤੋਂ ਹਾਂ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ।’’



