ਚੰਡੀਗੜ੍ਹ, 2 ਮਾਰਚ
ਸਾਹਿਤ ਚਿੰਤਨ ਚੰਡੀਗੜ੍ਹ ਦੀ ਮਾਰਚ ਮਹੀਨੇ ਵਾਲੀ ਮਾਸਿਕ ਇਕੱਤਰਤਾ ਅੱਜ ਸੈਕਟਰ 35-ਬੀ ਸਥਿਤ ਪ੍ਰਾਚੀਨ ਕਲਾ ਕੇਂਦਰ ਵਿਖੇ ਪ੍ਰੋ. ਮੁਹੰਮਦ ਖਾਲਿਦ ਦੀ ਪ੍ਰਧਾਨਗੀ ਹੇਠ ਹੋਈ।
ਸਭ ਤੋਂ ਪਹਿਲਾਂ ਪਿਛਲੇ ਦਿਨੀਂ ਵਿਛੜੇ ਸਾਹਿਤਕਾਰਾਂ, ਪੱਤਰਕਾਰਾਂ, ਸਿੱਖ ਵਿਦਵਾਨਾਂ ਅਤੇ ਅਮਰੀਕਾ ਵੱਲੋਂ ਮਾਰੇ ਗਏ 201 ਇਰਾਨੀ ਨਾਗਰਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਜਿਸ ਉਪਰੰਤ ਪਿਛਲੇ ਮਹੀਨੇ ਦੀ ਕਾਰਵਾਈ ਪੜ੍ਹੀ ਤੇ ਪ੍ਰਵਾਨ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਮਿਸ ਜਸਰੀਤ ਕੌਰ ਵੱਲੋਂ ਬਾਬਾ ਬੁੱਲ੍ਹੇ ਸ਼ਾਹ ਦੇ ਗੀਤ ‘ਕਦੀ ਆਪਣਾ ਆਪ ਵੀ ਪੜ੍ਹਿਆ ਕਰ’ ਨਾਲ ਹੋਈ ਜਿਸ ਉਪਰੰਤ ਅਰਬੀ ਲੇਖਕ ਫੀਦਾ ਜਿਰਿਸ ਦੀ ਪੁਸਤਕ ‘ਜਲਾਵਤਨ : ਗਾਜਾ ਮੋਨੋਲਾਗਜ’ ਜਿਸ ਦਾ ਅਨੁਵਾਦ ਕਮਲ ਦੁਸਾਂਝ ਨੇ ਕੀਤਾ ਹੈ, ਬਾਰੇ ਚਰਚਾ ਕਰਦਿਆਂ ਡਾ. ਸੁਮਨਦੀਪ ਕੌਰ ਨੇ ਕਿਹਾ ਕਿ ਇਹ ਕਾਲਪਨਿਕ ਬ੍ਰਿਤਾਂਤ ਨਹੀਂ ਹੈ। ਇਹ ਗਾਜਾ ਦੇ ਬੱਚਿਆਂ ਅਤੇ ਨੌਜਵਾਨਾਂ ਦੇ ਵੈਣ ਹਨ। ਗਾਜਾ ਬਰੂਦ ਦੇ ਢੇਰ ਉੱਤੇ ਬੈਠਾ ਹੈ। ਇਸ ਨੂੰ ਰਾਜਨੀਤਿਕ ਸੰਘਰਸ਼ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ। ਜੰਗ ਨੇ ਉਨ੍ਹਾਂ ਤੋਂ ਸਭ ਕੁਝ ਖੋਹ ਲਿਆ ਹੈ। ਸਦਮੇ ਉਨ੍ਹਾਂ ਦੇ ਚੇਤਿਆਂ ਵਿੱਚ ਵਸ ਗਏ ਹਨ। ਉਨ੍ਹਾਂ ਦੇ ਸੁਪਨੇ ਤੇ ਚਾਹਤਾਂ ਗਵਾਚ ਗਏ ਹਨ। ਉਹ ਪੌਣੀ ਸਦੀ ਤੋਂ ਆਪਣੀ ਮਾਤਰ ਭੂਮੀ ਉਪਰ ਜਲਾਵਤਨੀ ਭੋਗ ਰਹੇ ਹਨ ਜੋ ਕਿ ਨਿਆਂ ਅਤੇ ਮੱਦਦ ਲਈ ਪੁਕਾਰ ਰਹੇ ਹਨ। ਸਾਨੂੰ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ।
ਸ੍ਰੀ ਅਭੈ ਸਿੰਘ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਸਾਰਾ ਸੰਸਾਰ ਗੂੰਗਾ ਤੇ ਬੋਲ਼ਾ ਹੋ ਗਿਆ ਹੈ। ਬੰਦੇ ਨੇ ਬੰਦੇ ਨੂੰ ਮਾਰ ਮੁਕਾਇਆ ਹੈ। ਸੰਯੁਕਤ ਰਾਸ਼ਟਰ ਸੰਸਥਾ ਵੀ ਨਕਾਰਾ ਹੋ ਗਈ ਹੈ। ਅਸੀਂ ਹਰੇਕ ਦਰਦ ਤੇ ਨਿਆਂ ਦੀ ਗੱਲ ਕਰੀਏ। ਐਟਮੀ ਤਾਕਤ ਬਣ ਜਾਣ ਦੇ ਸੋਹਲੇ ਨਾ ਗਾਈਏ। ਪੁਲਵਾਮਾ ਪਿੱਛੋਂ ਸੰਧੀ ਤੋੜ ਕੇ ਪਾਕਿਸਤਾਲ ਦਾ ਪਾਣੀ ਬੰਦ ਕਰਨਾ ਜਾਇਜ਼ ਨਹੀਂ ਹੈ।
ਸ੍ਰੀ ਸਬਦੀਸ਼ ਨੇ ਕਿਹਾ ਕਿ ਕਿਤਾਬ ਦੁੱਖਾਂ ਦੀ ਸਾਂਝ ਦਾ ਅਨੁਵਾਦ ਹੈ। ਬੱਚਿਆਂ ਵਿੱਚ ਚੇਤਨਾ ਹੈ, ਪਰ ਨਫ਼ਰਤ ਨਹੀਂ ਹੈ। ਹਮਾਸ ਨਿਰਾਸ਼ਾ ਵਿੱਚੋਂ ਪੈਦਾ ਹੋਇਆ ਅੰਦੋਲਨ ਹੈ। ਜਦੋਂ ਹਮਾਸ ਨਹੀਂ ਸੀ ਤਾਂ ਇਜਰਾਈਲ ਉੱਤੇ ਹਮਲੇ ਕਰਦਾ ਸੀ। ਯਾਸਰ ਅਰਾਫਾਤ ਤੋਂ ਪਿੱਛੋਂ ਫਲਸਤੀਨ ਨੂੰ ਅਵਾਜ ਨਹੀਂ ਮਿਲੀ। ਉਹ ਆਸ ਕਰਦੇ ਹਨ ਕਿ ਦੁਨੀਆ ਉਨ੍ਹਾਂ ਦੀ ਗੱਲ ਸੁਣੇਗੀ। ਸਮਾਜ ਹਾਲੇ ਸੁਪਨਹੀਣ ਨਹੀਂ ਹੋਇਆ।
ਸ੍ਰੀ ਜਸਵੰਤ ਸਿੰਘ ਨੇ ਕਿਹਾ ਕਿ ਨਫ਼ਰਤ ਨੂੰ ਨਫ਼ਰਤ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ। ਨਿੱਤ ਕਤਲ ਤੇ ਨਕਸਕੁਸ਼ੀ ਦੇ ਬਹਾਨੇ ਬਣਾਏ ਜਾ ਰਹੇ ਹਨ। ਗਾਜਾ ਵਾਸੀ ਸ਼ਾਂਤੀ ਤੇ ਨਿਆਂ ਦੀ ਮੰਗ ਕਰਦੇ ਹਨ। ਕਾਸ਼ ਅਜਿਹਾ ਸੰਭਵ ਹੋ ਜਾਏ।
ਡਾ. ਮੇਘਾ ਸਿੰਘ ਨੇ ਕਿਹਾ ਕਿ ਬ੍ਰਿਤਾਂਤ ਵਿੱਚ ਲੋਹੜੇ ਦਾ ਦਰਦ ਹੈ। ਚਿੜੀ ਦੇ ਅੱਗ ਬੁਝਾਉਣ ਵਾਲੀ ਕਹਾਣੀ ਯਾਦ ਰੱਖਣੀ ਚਾਹੀਦੀ ਹੈ। ਅਸੀਂ ਇਸ ਧਿਰ ਨਾਲ ਖੜ੍ਹੇ ਹਾਂ। ਅਮਰੀਕੀ ਸਾਮਰਾਜ ਨੇ ਸਾਡੀ ਖੁਦਮੁਖਤਾਰੀ ਖੋਹ ਲਈ ਹੈ। ਉਹ ਹਥਿਆਰ ਵੇਚ ਕੇ ਟੈਸਟ ਵੀ ਕਰਦਾ ਹੈ। ਜ਼ੁਲਮ ਸਹਿ ਕੇ ਵੀ ਚੜ੍ਹਦੀ ਕਲਾ ਵਿੱਚ ਰਹਿਣਾ ਧੰਨ ਹੈ। ਅਮਰੀਕਾ ਸਾਮਰਾਜ ਖਿਲਾਫ ਤਕੜੀ ਲੋਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ।
ਡਾ. ਕਾਂਤਾ ਇਕਬਾਲ ਨੇ ਕਿਹਾ ਕਿ ਸਾਰਾ ਬ੍ਰਿਤਾਂਤ ਉਦਾਸ ਕਰਨ ਵਾਲਾ ਹੈ। ਸਾਨੂੰ ਆਪਣੇ ਧਰਮ, ਈਮਾਨ ਤੇ ਵਿਵੇਕ ਤੋਂ ਕੰਮ ਲੈਣਾ ਚਾਹੀਦਾ ਹੈ। ਫਲਸਤੀਨੀ ਬੱਚੇ ਅਰਜੋਈ ਕਰਦੇ ਹਨ ਕਿ ਉਨ੍ਹਾਂ ਨੂੰ ਭੁੱਲੋ ਨਾ, ਨਾ ਇਕੱਲੇ ਛੱਡੋ। ਸਾਡੀ ਮਾਨਵਤਾ ਕਿੱਥੇ ਚਲੀ ਗਈ ਹੈ। ਹਮਲਾਵਰ ਇਜ਼ਰਾਈਲ ਤੋਂ ਮੈਡਲ ਲੈਣਾ ਦੱਸਦਾ ਹੈ ਕਿ ਅਸੀਂ ਕੀਹਦੇ ਨਾਲ ਹਾਂ। ਕਮਜ਼ੋਰ ਨੂੰ ਧੀਰਜ ਰੱਖਣ ਦੀ ਨਸੀਅਤ ਨਹੀਂ ਦੇ ਸਕਦੇ। ਅਸੀਂ ਇੱਕ ਨਹੀਂ, ਕਈ ਗਾਜ਼ਾ ਬਣਨ ਵੱਲ ਵੱਧ ਰਹੇ ਹਾਂ। ਅਸੀਂ ਤੇਲ ਖਰੀਦ ਮਾਮਲੇ ਵਿੱਚ ਵੀ ਅਮਰੀਕਾ ਸਾਮਰਾਜ ਅੱਗੇ ਗੋਡੇ ਟੇਕ ਦਿੱਤੇ ਹਨ।
ਡਾ. ਆਤਮਜੀਤ ਨੇ ਕਿਹਾ ਕਿ ਅਸੀਂ ਜੀਉ ਪਾਲਿਟਿਕਸ ਨੂੰ ਜਿੰਦਗੀ ਤੋਂ ਦੂਰ ਨਹੀਂ ਕਰ ਸਕਦੇ। ਅਸੀਂ ਆਪਣਿਆਂ ਦੇ ਵੀ ਸਕੇ ਨਹੀਂ ਹਾਂ। ਧਰਮ ਤੇ ਰਾਜਨੀਤੀ ਮਨੁੱਖਤਾ ਤੋਂ ਹੇਠਾਂ ਦੇ ਧੰਦੇ ਹਨ। ਪਹਿਲੀ ਸੰਸਾਰ ਜੰਗ ਵਿੱਚ ਕੋਈ ਨਹੀਂ ਜਿੱਤ ਸਕਿਆ। ਆਪਣੇ ਬੱਚੇ ਵੱਲੋਂ ਕੂੜੇ ਦੇ ਢੇਰ ਤੋਂ ਚੁੱਕਿਆ ਰੋਟੀ ਦਾ ਟੁੱਕੜਾ ਮਾਂ ਖੋਹ ਕੇ ਖਾ ਜਾਂਦੀ ਹੈ। ਜੰਗ ਮੌਤ ਤੋਂ ਮੌਤ ਵੱਲ ਜਾਂਦਾ ਰਾਹ ਹੈ। ਜੰਗ ਖਤਮ ਹੋਣ ਪਿਛੋਂ ਵੀ ਅੰਦਰ ਕਿਤੇ ਜਾਰੀ ਰਹਿੰਦੀ ਹੈ।
ਸ੍ਰੀ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਦਰਦ ਦਾ ਅਨੁਵਾਦ ਵੀ ਮਾਨਵਤਾ ਦਾ ਪ੍ਰਤੀਕ ਹੈ। ਸਾਡੇ ਡਾਢਿਆਂ ਨਾਲ ਜੱਫੀਆਂ ਦੇ ਭੇਦ ਕਿਸੇ ਤੋਂ ਗੁੱਝੇ ਨਹੀਂ ਹਨ। ਮਦਰ ਡੈਮੋਕਰੇਸੀ ਦੀ ਆਪਣੀ ਫੈਮਿਲੀ ਠੀਕ ਨਹੀਂ ਹੈ। ਨੇੜਲੇ ਭਵਿੱਖ ਵਿੱਚ ਖ਼ਤਰੇ ਵੱਧਣਗੇ।
ਡਾ. ਹਜ਼ਾਰਾ ਸਿੰਘ ਚੀਮਾ ਨੇ ਕਿਹਾ ਕਿ ਇਜ਼ਰਾਈਲ ਫਲਸਤੀਨ ਜੰਗ ਨਾਲ ਬਘਿਆੜ ਤੇ ਲੇਲੇ ਦੇ ਪਾਣੀ ਜੂਠਾ ਕਰਨ ਵਾਲੀ ਕਥਾ ਚੇਤੇ ਆਉਂਦੀ ਹੈ। ਪਾਣੀ ਹਮੇਸ਼ਾਂ ਉਪਰੋਂ ਹੇਠਾਂ ਨੂੰ ਵਗਦਾ ਹੈ। ਭਾਰਤ ਕਿਸੇ ਵੇਲੇ ਗੁੱਟ ਨਿਰਲੇਪ ਲਹਿਰ ਦਾ ਮੋਹਰੀ ਸੀ। ਸਾਨੂੰ ਨਿਤਾਣਿਆਂ ਦਾ ਤਾਣ ਬਣਨਾ ਚਾਹੀਦਾ ਹੈ।
ਸ੍ਰੀ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਕਨੇਡਾ ਤੋਂ ਗਾਜਾ ਮੋਨੋਲਾਗਜ ਦੀ ਦੱਸ ਪਾਈ ਸੀ। ਅਮਰੀਕਾ ਕਾਲੇ ਤੇ ਮਾੜੇ ਦੀ ਧੌਣ ਉੱਤੇ ਗੋਡਾ ਰੱਖਦਾ ਰਿਹਾ ਹੈ। ਉਹ ਵੀਅਤਨਾਮ ਸਮੇਤ ਹਰ ਥਾਂ ਹਾਰਦਾ ਹੈ। ਬੂਟਾਂ ਦੇ ਤਸਮੇ ਬੰਨ੍ਹਦਿਆਂ ਅਮਰੀਕਾ ਦਾ ਝੂਠ ਦੁਨੀਆ ਦਾ ਗੇੜਾ ਲਾ ਆਉਂਦਾ ਹੈ।
ਸ੍ਰੀ ਸੱਜਣ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਦੋਹਤੀ ਬੰਬਾਂ ਦੀ ਅਵਾਜ ਤੋਂ ਤਰਿੰਹਦੀ ਸੌਂ ਨਹੀਂ ਸਕਦੀ
ਸ੍ਰੀਮਤੀ ਕਮਲ ਦੁਸਾਂਝ ਨੇ ਸਰੋਤਿਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਗਾਜ਼ਾ ਕਈ ਜਗ੍ਹਾ ਪਿਆ ਹੈ। ਅਸੀਂ ਸੰਤਾਲੀ, ਚੌਰਾਸੀ ਤੇ ਗੁਜ਼ਰਾਤ ਦੇ ਦੰਗੇ ਵੇਖੇ ਹਨ। ਮਨੀਪੁਰ ਅਸੀਂ ਭੁੱਲ ਨਹੀਂ ਸਕਦੇ। ਕਾਰਪੋਰੇਟਾਂ ਨਾਲ ਮਿਲ ਕੇ ਹਾਕਮ ਨਸਲਾਂ ਤੇ ਫ਼ਸਲਾਂ ਤਬਾਹ ਕਰ ਰਹੇ ਹਨ। ਟਰੰਪ ਲਈ ਗਾਜਾ ਪੱਟੀ ਕਾਰੋਬਾਰ ਲਈ ਲਾਹੇਵੰਦ ਲਾਂਘਾ ਹੈ। ਜੰਗ ਬਰਾਬਰ ਦੀ ਧਿਰ ਨਾਲ ਹੁੰਦੀ ਹੈ। ਗਾਜਾ ਵਾਸੀ ਮੈਲੇ ਕੱਪੜਿਆਂ ਵਿੱਚ ਮਰਨਾ ਨਹੀਂ ਚਾਹੁੰਦੇ।
ਪ੍ਰੋ. ਮੁਹੰਮਦ ਖਾਲਿਦ ਨੇ ਪ੍ਰਧਾਨਗੀ ਸਮੇਂ ਕਿਹਾ ਕਿ ਜੰਗਾਂ ਅਮਰੀਕੀ ਸਾਮਰਾਜ ਦਾ ਅੰਤਹੀਣ ਪ੍ਰੋਜੈਕਟ ਹੈ। ਫਲਸਤੀਨੀ ਆਪਣੇ ਵਤਨ ਵਿੱਚ ਹੀ ਜਲਾਵਤਨੀ ਭੋਗ ਰਹੇ ਹਨ। ਗਾਜਾ ਵਿੱਚ ਮੌਤ ਦਾ ਤਾਂਡਵ ਹੈ। ਇਹ ਨਸਲਕੁਸ਼ੀ ਹੈ। ਇੱਕ ਮੋਏ ਬੰਦੇ ਕੋਲ ਕਬਰ ਵਿੱਚ ਵੀ ਹੱਥ ਵਿੱਚ ਕਿਤਾਬ ਸੀ। ਅਸੀਂ ਯੂਨੀਵਰਸਿਟੀਆਂ ਵਿੱਚ ਗਾਜਾ ਦੀ ਗੱਲ ਨਹੀਂ ਕਰ ਸਕਦੇ। ਹਨੇਰੇ ਵਿੱਚ ਉਮੀਦ ਦੀ ਕਿਰਨ ਹੈ।
ਡਾ. ਅਰੀਤ ਕੌਰ ਨੇ ਧੰਨਵਾਦ ਕਰਦਿਆਂ ਗਿਆ ਕਿ ਦਰਦ ਭਰੀ ਕਿਤਾਬ ਨੂੰ ਕਿਵੇਂ ਖੂਬਸੂਰਤ ਕਹੀਏ। ਮੌਕਾਪ੍ਰਸਤ ਸਿਆਸਤ ਨੇ ਗਾਜਾ ਵਾਸੀਆਂ ਦੀ ਬਾਂਹ ਨਹੀਂ ਫੜਨੀ। ਇਹ ਕੰਮ ਚੇਤਨ ਤੇ ਸੰਵੇਦਨਸ਼ੀਲ ਬੁੱਧੀਜੀਵੀਆਂ ਦਾ ਹੈ। ਅਰਬ ਮੁਲਕਾਂ ਨੂੰ ਵੀ ਡਟਣਾ ਚਾਹੀਦਾ ਹੈ।
ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਸ੍ਰੀਮਤੀ ਅਦਾਕਾਰਾ ਰਜਿੰਦਰ ਰੋਜ਼ੀ, ਯਸ਼ਪਾਲ, ਡਾ. ਜਗਦੀਸ਼ ਚੰਦਰ, ਪ੍ਰੇਮ ਮਹਿੰਦਰੂ, ਹਰਸਿਮਰਨ ਕੌਰ, ਪ੍ਰੋ. ਅਮਰਜੀਤ ਅਰਪਨ, ਬੋਧ ਰਾਜ ਕਾਂਤ, ਤੇਜਿੰਦਰ ਸਿੰਘ, ਤੇਜਾ ਸਿੰਘ ਥੂਹਾ, ਸੁਨੀਲ ਭਾਰਤੀ, ਗੁਰਮਨ ਸਿੰਘ, ਪ੍ਰੋ. ਅਤੈ ਸਿੰਘ, ਮੋਹਨ ਲਾਲ ਰਾਹੀ, ਅਸ਼ੋਕ ਕੁਮਾਰ ਬੱਤਰਾ, ਮਨੋਜ ਕੁਮਾਰ, ਇੰਦਰਜੀਤ ਸਿੰਘ, ਮਲਵਿੰਦਰ ਕੁਮਾਰ, ਬਲਕਾਰ ਸਿੱਧੂ, ਰਾਮ ਕ੍ਰਿਸ਼ਨ ਧੁਨਕੀਆ, ਬਲਬੀਰ ਸਿੰਘ ਸੈਣੀ, ਰਮਿੰਦਰਪਾਲ ਸਿੰਘ, ਇੰਦਰਜੀਤ ਸਿੰਘ ਪ੍ਰੇਮੀ, ਡਾ. ਸ਼ਿੰਦਰਪਾਲ ਸਿੰਘ, ਅਜੇ ਸਿੰਗਲਾ, ਰੂਬੀ ਦੁਸਾਂਝ, ਅਹਿਮ ਕੌਰ ਦੁਸਾਂਝ, ਰਜਿੰਦਰ ਸਿੰਘ ਰਾਹੀ ਸਮੇਤ 45 ਤੋਂ ਉਪਰ ਸਾਹਿਤ ਚਿੰਤਕਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਹੀ ਸਰਦਾਰਾ ਸਿੰਘ ਚੀਮਾ ਨੇ ਚਲਾਈ।
ਇਸ ਦੇ ਨਾਲ ਹੀ ਸਾਹਿਤ ਚਿੰਤਨ, ਚੰਡੀਗੜ੍ਹ ਆਪਣੀ ਸਥਾਪਨਾ ਦੇ 30ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ।
ਸਾਹਿਤ ਚਿੰਤਨ ਚੰਡੀਗੜ੍ਹ ਦੀ ਮੀਟਿੰਗ : ਕਮਲ ਦੁਸਾਂਝ ਦੀ ਅਨੁਵਾਦਿਤ ਪੁਸਤਕ ‘ਜਲਾਵਤਨ : ਗਾਜਾ ਮੋਨੋਲਾਗਜ’ ਉਤੇ ਚਰਚਾ
RELATED ARTICLES



