ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਦਿੱਤਾ ਪੱਤਰ
ਗਮਾਡਾ ਨਾਲ ਤਾਲਮੇਲ ਕਰਕੇ ਕੂੜਾ ਨਿਪਟਾਰੇ ਲਈ ਜਮੀਨ ਮੁਹੱਈਆ ਕਰਵਾਉਣ ਦੀ ਮੰਗ
ਮੋਹਾਲੀ, 28 ਮਈ:
ਮੋਹਾਲੀ ਸ਼ਹਿਰ ਵਿੱਚ ਦਿਨੋ ਦਿਨ ਵੱਧ ਰਹੀ ਗੰਦਗੀ ਅਤੇ ਕੂੜੇ ਦੀ ਸਥਿਤੀ ਨੇ ਸ਼ਹਿਰ ਦੇ ਵਾਸੀਆਂ ਦੀ ਸਿਹਤ ਨੂੰ ਗੰਭੀਰ ਖ਼ਤਰੇ ਹੇਠ ਪਾ ਦਿੱਤਾ ਹੈ। ਇਨ੍ਹਾਂ ਹਾਲਾਤਾਂ ਨੂੰ ਲੈ ਕੇ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਇੱਕ ਲਿਖਤੀ ਪੱਤਰ ਭੇਜ ਕੇ ਤੁਰੰਤ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ।
ਪੱਤਰ ਵਿੱਚ ਉਨ੍ਹਾਂ ਜ਼ਿਕਰ ਕੀਤਾ ਹੈ ਕਿ ਸ਼ਹਿਰ ਦੀਆਂ ਗਲੀਆਂ-ਮੁਹੱਲਿਆਂ ਅਤੇ ਮੁੱਖ ਸੜਕਾਂ ‘ਤੇ ਕੂੜੇ ਦੇ ਢੇਰਾਂ ਨੇ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲਾਇਆ ਹੈ, ਸਗੋਂ ਗੰਭੀਰ ਬਿਮਾਰੀਆਂ ਨੂੰ ਜਨਮ ਦੇਣ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਬੇਦੀ ਨੇ ਦੱਸਿਆ ਕਿ ਮੌਜੂਦਾ ਸਮੱਸਿਆ ਦਾ ਮੁੱਖ ਕਾਰਨ ਕੂੜਾ ਡੰਪ ਕਰਨ ਲਈ ਢੁਕਵੀਂ ਸਥਾਨ ਦੀ ਘਾਟ ਹੈ। ਹਾਈਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਕਰਕੇ ਮੌਜੂਦਾ ਡੰਪਿੰਗ ਗਰਾਊਂਡ ਬੰਦ ਹੋ ਚੁੱਕਾ ਹੈ ਅਤੇ ਗਮਾਡਾ ਵੱਲੋਂ ਕੋਈ ਨਵੀਂ ਥਾਂ ਉਪਲਬਧ ਨਹੀਂ ਕਰਵਾਈ ਜਾ ਰਹੀ ਜਿਸ ਕਾਰਨ ਆਰਐਮਸੀ ਪੁਆਇੰਟਾਂ ਉੱਤੇ ਕੂੜੇ ਦਾ ਨਿਪਟਾਰਾ ਕਰਨ ਦਾ ਯਤਨ ਨਿਗਮ ਵੱਲੋਂ ਕੀਤਾ ਜਾ ਰਿਹਾ ਹੈ ਪਰ ਇਹ ਨਾ-ਕਾਫੀ ਹੈ।
ਡਿਪਟੀ ਮੇਅਰ ਨੇ ਇਹ ਵੀ ਉਲੇਖ ਕੀਤਾ ਕਿ ਮੋਹਾਲੀ ਨਗਰ ਨਿਗਮ ਕੋਲ ਆਪਣੀ ਕੋਈ ਜਮੀਨ ਨਹੀਂ ਹੈ ਅਤੇ ਉਹ ਗਮਾਡਾ ਦੀ ਜ਼ਮੀਨ ਉੱਤੇ ਨਿਰਭਰ ਹੈ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਜ਼ਮੀਨਾਂ ਵੇਚ ਕੇ ਕਰੋੜਾਂ ਰੁਪਏ ਦੀ ਆਮਦਨ ਕੀਤੀ ਜਾ ਰਹੀ ਹੈ, ਪਰ ਸ਼ਹਿਰ ਦੀ ਬੁਨਿਆਦੀ ਸਮੱਸਿਆ — ਕੂੜਾ ਨਿਪਟਾਰਾ — ਕਰਨ ਲਈ ਕੋਈ ਢੁਕਵੀਂ ਜਗ੍ਹਾ ਉਪਲਬਧ ਨਹੀਂ ਕਰਵਾਈ ਜਾ ਰਹੀ।
ਪੱਤਰ ਵਿੱਚ ਉਨ੍ਹਾਂ ਵੱਡੀ ਚਿੰਤਾ ਜਤਾਈ ਕਿ ਗਰਮੀ ਦੇ ਮੌਸਮ ਵਿੱਚ ਥਾਂ ਥਾਂ ਕੂੜੇ ਨੂੰ ਅੱਗ ਲੱਗ ਰਹੀ ਹੈ, ਜਿਸ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਲੋਕਾਂ ਦੇ ਜੀਵਨ ਲਈ ਖ਼ਤਰਾ ਬਣ ਰਿਹਾ ਹੈ। ਉਹਨਾਂ ਕਿਹਾ ਕਿ ਅੱਗੇ ਬਰਸਾਤਾਂ ਦਾ ਮੌਸਮ ਆ ਰਿਹਾ ਹੈ ਅਤੇ ਕੂੜੇ ਦਾ ਮਸਲਾ ਹੱਲ ਨਾ ਹੋਇਆ ਤਾਂ ਸ਼ਹਿਰ ਵਾਸਤੇ ਵੱਡਾ ਖਤਰਾ ਪੈਦਾ ਹੋ ਸਕਦਾ ਹੈ।
ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਉਹ ਸ਼ਹਿਰ ਦੇ ਕੋਆਰਡੀਨੇਟਰ ਹੋਣ ਦੇ ਨਾਤੇ ਗਮਾਡਾ ਅਤੇ ਨਗਰ ਨਿਗਮ ਵਿਚਕਾਰ ਤਾਲਮੇਲ ਕਰਵਾਉਣ ਅਤੇ ਜਲਦੀ ਤੋਂ ਜਲਦੀ ਢੁਕਵੀਂ ਜਗ੍ਹਾ ਮੁਹੱਈਆ ਕਰਵਾਉਣ ਲਈ ਲਾਜ਼ਮੀ ਕਦਮ ਚੁੱਕਣ। ਇਹ ਉਪਰਾਲਾ ਸਿਰਫ਼ ਮੋਹਾਲੀ ਦੀ ਸਫਾਈ ਵਿਵਸਥਾ ਨੂੰ ਸੁਧਾਰਣ ਵਿੱਚ ਸਹਾਇਕ ਹੋਵੇਗਾ, ਸਗੋਂ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਵੀ ਅਹਿਮ ਹੋਵੇਗਾ।



