ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਵਿੱਚ ‘ਨੋਟਾ’ ਵੀ ਸ਼ਾਮਿਲ ਕਰਵਾਉਣ ਦੀ ਮੰਗ
-ਚੰਡੀਗੜ੍ਹ ਤੋਂ ਅਕਾਲੀ ਦਲ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਚੰਡੀਗੜ੍ਹ, 8 ਜਨਵਰੀ
ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਡਿਪਟੀ ਕਮਿਸ਼ਨਰ ਚੰਡੀਗੜ੍ਹ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ।
ਸ੍ਰੀ ਬੁਟੇਰਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗ ਪੱਤਰ ਵਿੱਚ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਵਿੱਚ ਵੋਟਿੰਗ ਲਈ ‘ਨੋਟਾ’ ਵੀ ਸ਼ਾਮਿਲ ਕਰਵਾਉਣ ਦੀ ਮੰਗ ਰੱਖੀ ਗਈ ਹੈ ਤਾਂ ਕਿ ਜੇਕਰ ਕਿਸੇ ਕੌਂਸਲਰ ਵੋਟਰ ਨੂੰ ਕੋਈ ਵੀ ਉਮੀਦਵਾਰ ਪਸੰਦ ਨਾ ਆਵੇ ਤਾਂ ਉਹ ‘ਨੋਟਾ’ ਦਾ ਇਸਤੇਮਾਲ ਕਰ ਸਕੇ।
ਉਨ੍ਹਾਂ ਕਿਹਾ ਕਿ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਭਾਰਤ ਦੇ ਨਾਗਰਿਕ ਹਾਂ। ਜਦੋਂ ਸਾਡੇ ਦੇਸ਼ ਵਿੱਚ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਐੱਮ.ਐੱਲ.ਏ. ਚੁਣਨ ਲਈ ਅਤੇ ਜਾਂ ਫਿਰ ਲੋਕ ਸਭਾ ਚੋਣਾਂ ਵਿੱਚ ‘ਮੈਂਬਰ ਪਾਰਲੀਮੈਂਟ’ ਚੁਣਨ ਮੌਕੇ ਵੋਟਿੰਗ ਮਸ਼ੀਨਾਂ ਵਿੱਚ ‘ਨੋਟਾ’ ਦਾ ਬਟਨ ਹੁੰਦਾ ਹੈ ਤਾਂ ਫਿਰ ਠੀਕ ਉਸੇ ਤਰਜ਼ ਉਤੇ ਨਗਰ ਨਿਗਮ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਵਿੱਚ ਵੀ ਇਹ ‘ਨੋਟਾ’ ਹੋਣਾ ਲਾਜ਼ਮੀ ਹੈ।
ਅਕਾਲੀ ਆਗੂ ਹਰਦੀਪ ਬੁਟੇਰਲਾ ਨੇ ਕਿਹਾ ਕਿ ਉਹ ਸ਼ਹਿਰ ਦੇ ਇੱਕ ਜ਼ਿੰਮੇਵਾਰ ਨਾਗਰਿਕ ਅਤੇ ਨਗਰ ਨਿਗਮ ਦਾ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਮੌਜੂਦਾ ਕੌਂਸਲਰ ਹੋਣ ਦੇ ਨਾਤੇ ਲੋਕਹਿਤ ਵਿੱਚ ਮੰਗ ਕਰਦੇ ਹਨ ਕਿ ਇਸ ਵਾਰ ਹੋਣ ਜਾ ਰਹੀਆਂ ਉਕਤ ਚੋਣਾਂ ਵਿੱਚ ‘ਨੋਟਾ’ ਦੀ ਸੁਵਿਧਾ ਦਿੱਤੀ ਜਾਵੇ।



