– ਏ.ਬੀ.ਵੀ.ਪੀ. ਦਾ ‘ਗੌਰਵ ਵੀਰ ਸੋਹਲ’ ਬਣਿਆ ਪ੍ਰਧਾਨ
ਚੰਡੀਗੜ੍ਹ, 3 ਸਤੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਭਾਜਪਾ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਦਾ ਉਮੀਦਵਾਰ ਗੌਰਵ ਵੀਰ ਸੋਹਲ 3148 ਵੋਟਾਂ ਪ੍ਰਾਪਤ ਕਰਕੇ ਪ੍ਰਧਾਨਗੀ ਦੀ ਸੀਟ ਜਿੱਤ ਚੁੱਕਾ ਹੈ। ਪੀ.ਯੂ. ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਏ.ਬੀ.ਵੀ.ਪੀ. ਦਾ ਉਮੀਦਵਾਰ ਪ੍ਰਧਾਨਗੀ ਦੀ ਸੀਟ ਉਤੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਇਆ ਹੈ।
ਇਸ ਤੋਂ ਇਲਾਵਾ ਮੀਤ ਪ੍ਰਧਾਨ ਦੀ ਸੀਟ ਭਾਈ ਜਸਵੰਤ ਸਿੰਘ ਖਾਲੜਾ ਮਿਸ਼ਨ ਲੈ ਕੇ ਚੱਲ ਰਹੀ ਜਥੇਬੰਦੀ ‘ਸੱਥ’ ਦੇ ਉਮੀਦਵਾਰ ਅਸ਼ਮੀਤ ਸਿੰਘ ਨੇ 3478 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ, ਸਕੱਤਰ ਦੀ ਸੀਟ ‘ਸੋਪੂ’ ਦੇ ਅਭਿਸ਼ੇਕ ਡਾਗਰ ਨੇ 3438 ਵੋਟਾਂ ਜਦਕਿ ਸੰਯੁਕਤ ਸਕੱਤਰ ਦੀ ਸੀਟ ਅਜ਼ਾਦ ਉਮੀਦਵਾਰ ਮੋਹਿਤ ਮੰਡੇਰਾਣਾ ਨੇ 3138 ਵੋਟਾਂ ਲੈ ਕੇ ਜਿੱਤੀ।
ਪ੍ਰਧਾਨਗੀ ਦੀ ਸੀਟ ਦੇ ਹੋਰਨਾਂ ਉਮੀਦਵਾਰਾਂ ਵਿੱਚ ਅਰਦਾਸ ਕੌਰ ਨੂੰ 318 ਵੋਟਾਂ, ਜੋਬਨਪ੍ਰੀਤ ਸਿੰਘ ਨੂੰ 198, ਮਨਕੀਰਤ ਸਿੰਘ ਮਾਨ ਨੂੰ 1184, ਨਵਨੀਤ ਕੌਰ ਨੂੰ 136, ਪ੍ਰਭਜੋਤ ਸਿੰਘ ਗਿੱਲ ਨੂੰ 1359, ਸੀਰਤ ਨੂੰ 422, ਸੁਮਿਤ ਕੁਮਾਰ ਨੂੰ 2660 ਵੋਟਾਂ ਹੀ ਹਾਸਿਲ ਹੋ ਸਕੀਆਂ।
ਐੱਸ.ਐੱਸ.ਪੀ. ਚੰਡੀਗੜ੍ਹ ਕੰਵਰਦੀਪ ਕੌਰ ਆਈ.ਪੀ.ਐੱਸ. ਨੇ ਜ਼ਿਮਨੇਜੀਅਮ ਹਾਲ ਵਿੱਚ ਪਹੁੰਚ ਕੇ ਅੰਦਰ ਅਤੇ ਬਾਹਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਿੱਥੇ ਉਨ੍ਹਾਂ ਨੇ ਡੀ.ਐੱਸ.ਡਬਲਿਯੂ. ਪ੍ਰੋ. ਅਮਿਤ ਚੌਹਾਨ, ਡੀ.ਐੱਸ.ਡਬਲਿਯੂ. (ਵੁਮੈਨ) ਪ੍ਰੋ. ਨਮਿਤਾ ਗੁਪਤਾ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ।
ਨਵ-ਨਿਯੁਕਤ ਪ੍ਰਧਾਨ ਗੌਰਵਵੀਰ ਸੋਹਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਇਹ ਜਿੱਤ ਪੰਜਾਬ ਯੂਨੀਵਰਸਿਟੀ ਦੇ ਹਰ ਉਸ ਵਿਦਿਆਰਥੀ ਦੀ ਜਿੱਤ ਹੈ ਜਿਸ ਨੇ ਬਦਲਾਅ ਅਤੇ ਸਕਾਰਾਤਮਕ ਰਾਜਨੀਤੀ ’ਤੇ ਵਿਸ਼ਵਾਸ ਕੀਤਾ। ਉਸ ਨੇ ਸਹਿਯੋਗੀ ਜਥੇਬੰਦੀਆਂ ‘ਇਨਸੋ’ ਅਤੇ ਐੱਚ.ਐੱਸ.ਆਰ.ਏ. ਵਿਦਿਆਰਥੀ ਜਥੇਬੰਦੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਚੋਣ ਵਿੱਚ ਜਿੱਤ ਲਈ ਸਹਿਯੋਗ ਦਿੱਤਾ। ਏ.ਬੀ.ਵੀ.ਪੀ. ਦੇ ਰਾਸ਼ਟਰੀ ਮਹਾਂਮੰਤਰੀ ਡਾ. ਵਿਰੇਂਦਰ ਸੋਲੰਕੀ ਨੇ ਕਿਹਾ ਕਿ ਅੱਜ ਪੰਜਾਬ ਯੂਨੀਵਰਸਿਟੀ ਨੇ ਇਤਿਹਾਸ ਰਚ ਦਿੱਤਾ ਹੈ। ਇਹ ਕੇਵਲ ਇਕ ਚੋਣੀ ਨਤੀਜਾ ਨਹੀਂ, ਸਗੋਂ ਵਿਚਾਰਾਂ ਦੀ ਜਿੱਤ ਹੈ।



