ਝੁੱਗੀਵਾਸੀਆਂ ਦੀ ਨਵੀਂ ਆਬਾਦੀ ਨਾਲ ਇੰਫ੍ਰਾਸਟਰਕਚਰ, ਸੁਰੱਖਿਆ ਤੇ ਸਫਾਈ ਸੰਕਟ ’ਚ: ਬੇਦੀ
ਨਜਾਇਜ਼ ਕਬਜ਼ਿਆਂ ਖਿਲਾਫ ਚੰਡੀਗੜ੍ਹ ਪ੍ਰਸ਼ਾਸਨ ਚੁਸਤ ਮੋਹਾਲੀ ਪ੍ਰਸ਼ਾਸਨ ਸੁਸਤ ਤੇ ਲਾਪ੍ਰਵਾਹ: ਡਿਪਟੀ ਮੇਅਰ
ਮੋਹਾਲੀ, 23 ਜੂਨ:
ਡਿਪਟੀ ਮੇਅਰ ਮੋਹਾਲੀ ਕੁਲਜੀਤ ਸਿੰਘ ਬੇਦੀ ਨੇ ਮੋਹਾਲੀ ਵਿਚ ਵਧ ਰਹੀਆਂ ਝੁੱਗੀਆਂ ਅਤੇ ਇਸ ਨਾਲ ਪੈ ਰਹੇ ਭਾਰੀ ਇੰਫ੍ਰਾਸਟਰਕਚਰ ਦਬਾਅ ਨੂੰ ਲੈ ਕੇ ਡਿਪਟੀ ਕਮਿਸ਼ਨਰ, ਮੋਹਾਲੀ ਨੂੰ ਇਕ ਜ਼ਰੂਰੀ ਪੱਤਰ ਲਿਖਿਆ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੁਰੰਤ ਢੰਗ ਨਾਲ ਕਾਰਵਾਈ ਨਾ ਹੋਈ ਤਾਂ ਮੋਹਾਲੀ ਵਿਚ ਗੰਭੀਰ ਕਾਨੂੰਨ ਵਿਵਸਥਾ ਦਾ ਸੰਕਟ ਖੜਾ ਹੋ ਸਕਦਾ ਹੈ। ਡਿਪਟੀ ਮੇਅਰ ਨੇ ਕਿਹਾ ਕਿ ਜਿੱਥੇ ਚੰਡੀਗੜ੍ਹ ਪ੍ਰਸ਼ਾਸਨ ਲਗਾਤਾਰ ਨਜਾਇਜ਼ ਕਬਜ਼ਿਆਂ ਖਿਲਾਫ ਸਖਤ ਕਾਰਵਾਈਆਂ ਕਰਦਾ ਦਿਖਾਈ ਦਿੰਦਾ ਹੈ ਉੱਥੇ ਮੋਹਾਲੀ ਪ੍ਰਸ਼ਾਸਨ ਇਸ ਪੱਖੋਂ ਬੇਹਦ ਸੁਸਤ ਅਤੇ ਲਾਪ੍ਰਵਾਹ ਹੈੈੈ। ਜਿਸ ਕਾਰਨ ਮੋਹਾਲੀ ਵਿੱਚ ਲਗਾਤਾਰ ਨਜਾਇਜ਼ ਕਬਜ਼ੇ ਵੱਧਦੇ ਦਿਖਾਈ ਦਿੰਦੇ ਹਨ।
ਡਿਪਟੀ ਮੇਅਰ ਨੇ ਦੱਸਿਆ ਕਿ ਹਾਲ ਹੀ ਵਿਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਫੇਜ਼ 2 ਲਾਗੇ ਦੀਆਂ ਗੈਰਕਾਨੂੰਨੀ ਝੁੱਗੀਆਂ ਉਤੇ ਕਾਰਵਾਈ ਕੀਤੀ ਗਈ ਸੀ, ਜਿਸ ਤੋਂ ਬਾਅਦ ਝੁੱਗੀਵਾਸੀਆਂ ਨੇ ਮੋਹਾਲੀ ਦੀਆਂ ਕਈ ਕਲੋਨੀਆਂ ਜਿਵੇਂ ਕਿ ਅੰਬ ਸਾਹਿਬ ਕਾਲੋਨੀ, ਉਧਮ ਸਿੰਘ ਕਲੋਨੀ, ਜਗਤਪੁਰਾ, ਬੜਮਾਜਰਾ ਆਦਿ ਇਲਾਕਿਆਂ ਵੱਲ ਰੁਖ ਕਰ ਲਿਆ ਹੈ। ਇਨ੍ਹਾਂ ਝੁੱਗੀਵਾਸੀਆਂ ਦੀ ਵਧ ਰਹੀ ਆਬਾਦੀ ਨੇ ਇਲਾਕੇ ਦੇ ਪਾਣੀ, ਬਿਜਲੀ, ਸਫਾਈ ਅਤੇ ਸੁਰੱਖਿਆ ਜਿਹੇ ਬੁਨਿਆਦੀ ਢਾਂਚੇ ਉੱਤੇ ਗੰਭੀਰ ਦਬਾਅ ਪਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਵਧਦੀਆਂ ਝੁੱਗੀਆਂ ਦੀ ਸਮੱਸਿਆ ਨਹੀਂ, ਸਗੋਂ ਭਵਿੱਖ ਵਿੱਚ ਵਧਦੇ ਅਪਰਾਧ, ਰੁਜ਼ਗਾਰ ਘਾਟ ਅਤੇ ਆਮ ਵਾਸੀਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ। ਬੇਦੀ ਨੇ ਇਹ ਵੀ ਕਿਹਾ ਕਿ ਬੜਮਾਜਰਾ ਵਿਚ ਪਹਿਲਾਂ ਹੀ ਨਵੀਆਂ ਝੁੱਗੀਆਂ ਵੱਸ ਚੁੱਕੀਆਂ ਹਨ ਜੋ ਹਾਲਾਤ ਦੀ ਗੰਭੀਰਤਾ ਵੱਲ ਇਸ਼ਾਰਾ ਕਰਦੀਆਂ ਹਨ।
ਡਿਪਟੀ ਮੇਅਰ ਨੇ ਆਪਣੇ ਪੱਤਰ ਰਾਹੀਂ ਪੰਜ ਮੁੱਖ ਮੰਗਾਂ ਰੱਖੀਆਂ ਹਨ ਜਿਨਾਂ ਵਿੱਚ ਮੋਹਾਲੀ ਦੀਆਂ ਸਾਰੀਆਂ ਝੁੱਗੀ-ਬਸਤੀਆਂ ਦਾ ਤੁਰੰਤ ਸਰਵੇ ਕਰਨ, ਨਵੇਂ ਝੁੱਗੀਵਾਸੀਆਂ ਦੀ ਪੁਲਿਸ ਰਾਹੀਂ ਜਾਂਚ ਕਰਵਾਉਣ, ਨਵੀਆਂ ਝੁੱਗੀਆਂ ਵੱਸਣ ਤੋਂ ਰੋਕਣ ਲਈ ਢਾਂਚਾਗਤ ਰੋਕਥਾਮ ਕਰਨ, ਗਮਾਡਾ ਅਤੇ ਨਗਰ ਪ੍ਰਸ਼ਾਸਨ ਵੱਲੋਂ ਨਿਗਰਾਨੀ ਸਖ਼ਤ ਕਰਨ ਅਤੇ ਝੁੱਗੀਵਾਸੀਆਂ ਦੀ ਪੁਨਰਵਾਸ ਨੀਤੀ ਬਾਰੇ ਯੋਜਨਾ ਤਿਆਰ ਕਰਕੇ, ਲੋੜਵੰਦਾਂ ਲਈ ਕਾਨੂੰਨੀ ਰਿਹਾਇਸ਼ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਹੈ।
ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪੱਤਰ ਦੀ ਕਾਪੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਐਸਐਸਪੀ ਮੋਹਾਲੀ ਨੂੰ ਵੀ ਭੇਜੀ ਗਈ ਹੈ ਤਾਂ ਜੋ ਸਾਰੇ ਸੰਬੰਧਤ ਵਿਭਾਗ ਆਪਸੀ ਸਹਿਯੋਗ ਨਾਲ ਤਤਕਾਲ ਕਾਰਵਾਈ ਕਰ ਸਕਣ।



