ਚੰਡੀਗੜ੍ਹ, 30 ਅਗਸਤ
ਚੰਡੀਗੜ੍ਹ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀ ਚੈਪਟਰ ਮੂਨਲਾਈਟ ਯੂਨਿਟ ਵੱਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨਜ਼ ਦਿਵਸ ਨੂੰ ਸਮਰਪਿਤ “ਸੰਸਕ੍ਰਿਤਿਕ ਮੂਨਲਾਈਟ ਪ੍ਰੋਗਰਾਮ” ਇਥੇ ਟੈਗੋਰ ਥੀਏਟਰ ਵਿੱਚ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਸੌਰਭ ਕੁਮਾਰ ਅਰੋੜਾ ਡਾਇਰੈਕਟਰ ਸਾਂਸਕ੍ਰਿਤਿਕ ਕਾਰਜ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ, ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਜੇ.ਬੀ. ਗੋਇਲ, ਡਾ. ਰਾਜ ਬਹਾਦਰ, ਪ੍ਰੋ. ਅਰੁਣ ਕੁਮਾਰ ਗਰੋਵਰ, ਪ੍ਰੋ. ਬੀ.ਐਸ. ਢਿੱਲੋਂ, ਪ੍ਰੋ. (ਡਾ.) ਜਗਤ ਰਾਮ, ਪ੍ਰੋ. ਐਸ.ਐਸ. ਚਹਿਲ, ਕਲਾਕਾਰ ਬਲਕਾਰ ਸਿੱਧੂ, ਸੁਭਾਸ਼ ਅਗਰਵਾਲ, ਬ੍ਰਿਜੇਸ਼ ਆਹੁਜਾ, ਅਭਿਸ਼ੇਕ ਸ਼ਰਮਾ, ਜਸਬੀਰ ਸਿੰਘ ਅਤੇ ਮੋਹਿੰਦਰ ਕੌਰ ਆਦਿ ਗੈਸਟ ਆਫ ਆਨਰ ਵਜੋਂ ਸ਼ਾਮਿਲ ਹੋਏ।
ਦਰਸ਼ਕਾਂ ਦਾ ਸਵਾਗਤ ਕਰਦੇ ਹੋਏ ਰਘਬੀਰ ਸਿੰਘ ਚੈਪਟਰ ਪ੍ਰਮੁੱਖ ਨੇ ਕਿਹਾ ਕਿ “ਚੈਪਟਰ ਮੂਨਲਾਈਟ ਦਾ ਗਠਨ ਦੋ ਸਾਲ ਪਹਿਲਾਂ ਸੀਨੀਅਰ ਸਿਟੀਜ਼ਨਜ਼ ਵਿੱਚ ਇਕੱਲੇਪਣ ਨਾਲ ਲੜਨ ਲਈ ਆਸ ਦੀ ਕਿਰਨ ਵਜੋਂ ਕੀਤਾ ਗਿਆ ਸੀ। ਇਸ ਤਰ੍ਹਾਂ ਦੇ ਮਿਲਣ ਸਮਾਰੋਹ ਕੋਈ ਵਿਲਾਸਤਾ ਨਹੀਂ, ਸਗੋਂ ਮਨੁੱਖੀ ਭਾਵਨਾਵਾਂ ਦੀ ਲੋੜ ਹਨ।”
ਸੱਭਿਆਚਾਰਕ ਸ਼ਾਮ ਪੂਰੀ ਤਰ੍ਹਾਂ ਸੀਨੀਅਰ ਅਤੇ ਸੁਪਰ ਸੀਨੀਅਰ ਸਿਟੀਜ਼ਨਜ਼ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਪੇਸ਼ ਕੀਤੀ ਗਈ। ਸਮੂਹ ਨਾਚ ਅਤੇ ਗਿੱਧਾ ਪ੍ਰੋਗਰਾਮ ਦੇ ਮੁੱਖ ਆਕਰਸ਼ਣ ਰਹੇ, ਜਿਨ੍ਹਾਂ ‘ਤੇ ਦਰਸ਼ਕ ਖੜ੍ਹ ਕੇ ਤਾਲੀਆਂ ਵਜਾਉਂਦੇ ਰਹੇ ਅਤੇ ਭਰਪੂਰ ਪ੍ਰਸ਼ੰਸਾ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਚੈਪਟਰ ਮੂਨਲਾਈਟ ਥੀਮ ਸਾਂਗ “ਮੂਨਲਾਈਟ ਹੈ ਚੈਪਟਰ ਸਾਡਾ, ਸੀਨੀਅਰ ਸਿਟੀਜ਼ਨਜ਼ ਮੈਂਬਰ ਸਾਰੇ” ਨਾਲ ਹੋਈ, ਜਿਸਨੂੰ ਮਸ਼ਹੂਰ ਕਲਾਕਾਰ ਅਮਰ ਵਿਰਦੀ ਅਤੇ ਦੀਪਕ ਰਿਕੀ ਨੇ ਗਾਇਆ। ਇਸ ਤੋਂ ਬਾਅਦ “ਅੱਜ ਤੇਰੀ ਬਚਨੋ ਨਾ ਬਚਦੀ ਵੇ…” ਗੀਤ ਪੇਸ਼ ਕੀਤਾ ਗਿਆ। ਡਾ. ਸਰਵਣ ਕੌਸ਼ਲ ਅਤੇ ਦਮਨਜੀਤ ਦਾ ਨਾਚ ਸਭ ਨੂੰ ਮੰਤਰਮੁਗਧ ਕਰ ਗਿਆ। ਗ਼ੁਲਾਮ ਅਲੀ ਦੀ ਮਸ਼ਹੂਰ ਗ਼ਜ਼ਲ “ਹਮ ਤੇਰੇ ਸ਼ਹਿਰ ਵਿੱਚ ਆਏ ਹਨ…” ਨੂੰ ਸ਼ਰਨਜੀਤ ਨੇਅਰ ਨੇ ਬੇਹਤਰੀਨ ਅੰਦਾਜ਼ ਵਿੱਚ ਪੇਸ਼ ਕੀਤਾ। ਐਸ.ਕੇ. ਅਵਸਥੀ ਨੇ “ਰੋਸ਼ਨ ਤੁਮ ਹੀ ਸੇ ਦੁਨੀਆ…” ਗੀਤ ਗਾ ਕੇ ਸਭ ਨੂੰ ਭਾਵ-ਭੀਨ ਕਰ ਦਿੱਤਾ।
ਪ੍ਰੋਗਰਾਮ ਦੀ ਸਮਾਪਤੀ ਢੋਲ, ਬੋਲੀਆਂ ਅਤੇ ਟੱਪਿਆਂ ਦੀ ਧੁਨ ‘ਤੇ ਹੋਈ, ਜਦੋਂ ਸਾਰਾ ਆਡੀਟੋਰੀਅਮ ਤਾਲੀਆਂ ਨਾਲ ਗੂੰਜ ਰਿਹਾ ਸੀ।



